ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਕਤੂਬਰ
ਲੁਧਿਆਣਾ ਵਿੱਚ ਚੋਰਾਂ ਨੇ ਹੁਣ ਦਵਾਈਆਂ ਚੋਰੀ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਦਿਨ ਲੁਹਾਰਾ ਸਥਿਤ ਕਮਿਊਨਿਟੀ ਹੈਲਥ ਐਂਡ ਵੈਲਨੈੱਸ ਸੈਂਟਰ ’ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਸੈਂਟਰ ਅੰਦਰੋਂ 15 ਫਤਹਿ ਕਿੱਟਾਂ, ਕੰਪਿਊਟਰ ਸੈੱਟ, 7 ਮੈਡੀਕਲ ਕਿੱਟਾਂ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਸੂਚਨਾ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ’ਚ ਥਾਣਾ ਡਾਬਾ ਦੀ ਪੁਲੀਸ ਨੇ ਕਮਿਊਨਿਟੀ ਹੈਲਥ ਅਧਿਕਾਰੀ ਕੁਲਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਲਿਆ ਜਾਵੇਗਾ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਹੈਲਥ ਐਂਡ ਵੈਲਨੈੱਸ ਸੈਂਟਰ ਲੁਹਾਰਾ ਦੀ ਪ੍ਰਬੰਧਕ ਕੁਲਜੀਤ ਕੌਰ ਨੇ ਦੱਸਿਆ ਕਿ ਉਹ ਲੁਹਾਰਾ ’ਚ ਕਮਿਊਨਿਟੀ ਹੈਲਥ ਅਫ਼ਸਰ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਚੋਰ ਸੈਂਟਰ ’ਚੋਂ ਕੰਪਿਊਟਰ ਦੇ ਨਾਲ ਨਾਲ ਦਵਾਈਆਂ ਦੀਆਂ ਕਿੱਟਾਂ ਤੇ 15 ਫਤਹਿ ਕਿੱਟਾਂ ਸਮੇਤ ਕਬਾੜ ਦਾ ਹੋਰ ਸਾਮਾਨ ਵੀ ਚੋਰੀ ਕਰ ਲਿਆ। ਪੁਲੀਸ ਨੇ ਥਾਣਾ ਡਾਬਾ ’ਚ ਅਪਰਾਧਿਕ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।