ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਮਈ
ਨਗਰ ਕੌਂਸਲ ਵਾਰਡ ਨੰਬਰ 7 ਤੇ ਵਾਰਡ ਨੰਬਰ 9 ਵਿੱਚ ਸੀਵਰੇਜ ਮੈਨਹੋਲ ਦੇੇ ਢੱਕਣ ਟੁੱਟਿਆਂ ਨੂੰ 4 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਸਥਾਨਕ ਲੋਕਾਂ ਵੱਲੋਂ ਸਬੰਧਤ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰਨ ਅਤੇ ਮੁਰੰਮਤ ਕਰਨ ਦੀ ਮੰਗ ਦੇ ਬਾਵਜੂਦ ਹਾਲੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ। ਵਾਰਡ ਨੰਬਰ 7 ਦੇ ਮੁਹੱਲਾ ਰਾਣੀ ਵਾਲਾ ਖੂਹ ਵਿੱਚ ਇੱਕ ਵੱਡਾ ਤੇ ਡੂੰਘਾ ਮੈਨਹੋਲ ਹੈ। ਜਿਸ ਦਾ ਢੱਕਣ ਲਗਪਗ ਦੋ ਮਹੀਨਿਆ ਪਹਿਲਾਂ ਟੁੱਟ ਗਿਆ ਸੀ। ਇਸ ਮੈਨਹੋਲ ਕੋਲ ਦੋ ਕੌਂਸਲਰਾਂ ਦੇ ਘਰ ਹਨ, ਜਿਨ੍ਹਾਂ ਦਾ ਇਸ ਰਾਹ ਰਾਹੀਂ ਦਿਨ ’ਚ ਕਈ ਵਾਰ ਆਉਣ-ਜਾਣ ਹੁੰਦਾ ਹੈ। ਵਾਰਡ ਵਾਸੀਆਂ ਨੇ ਕਈ ਵਾਰ ਉਨ੍ਹਾਂ ਨੂੰ ਮੈਨਹੋਲ ਦਾ ਢੱਕਣ ਨਵਾਂ ਲਗਵਾਉਣ ਦੀ ਲਪੀਲ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਇਸੇ ਤਰ੍ਹਾਂ ਵਾਰਡ ਨੰਬਰ 9 ’ਚ ਡਾ. ਵਿਜੇ ਚੋਪੜਾ ਦੀ ਦੁਕਾਨ ਦੇ ਬਿਲਕੁਲ ਨੇੜੇ ਕਰੀਬ 3 ਫੁੱਟ ਚੌੜਾ ਤੇ 6 ਫੁੱਟ ਦੇ ਕਰੀਬ ਡੂੰਘਾ ਮੈਨਹੋਲ ਹੈ। ਲਗਪਗ ਚਾਰ ਮਹੀਨੇ ਪਹਿਲਾਂ ਇਸ ਮੈਨਹੋਲ ਦਾ ਢੱਕਣ ਟੁੱਟ ਗਿਆ ਸੀ। ਸਥਾਨਕ ਲੋਕਾਂ ਨੇ ਕਈ ਵਾਰ ਨਗਰ ਕੌਂਸਲ ਦਫ਼ਤਰ ਵਿੱਚ ਗੇੜੇ ਮਾਰ ਕੇ 2 ਮਹੀਨੇ ਪਹਿਲਾਂ ਨਵਾਂ ਢੱਕਣ ਲਗਵਾਇਆ, ਪਰ ਲਗਾਉਣ ਤੋਂ ਦੋ-ਤਿੰਨ ਦਿਨ ਬਾਅਦ ਹੀ ਢੱਕਣ ਟੁੱਟ ਕੇ ਮੈਨਹੋਲ ਵਿੱਚ ਹੀ ਜਾ ਡਿੱਗਿਆ। ਇਸ ਨਾਲ ਸਮੱਸਿਆ ਹੱਲ ਹੋਣ ਦੀ ਥਾਂ ਸੀਵਰੇਜ ਜਾਮ ਹੋਣ ਦਾ ਨਵਾਂ ਕੰੰਮ ਖੜ੍ਹਾ ਹੋ ਗਿਆ। ਇੰਨ੍ਹਾਂ ਸਮੱਸਿਆਵਾਂ ਬਾਰੇ ਜਦੋਂ ਨਵੇਂ ਬਣੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿੱਚ ਹੀ ਇਸ ਸਮੱਸਿਆ ਦਾ ਪੱਕਾ ਹੱਲ ਕਰਵਾਇਆ ਜਾਵੇਗਾ।