ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਮਈ
ਵਾਢੀ ਦਾ ਕੰਮ ਨਬਿੇੜ ਕੇ ਵਿਹਲੇ ਹੋਏ ਕਿਸਾਨਾਂ ਨੇ ਖੇਤਾਂ ’ਚ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਇਹ ਰੁਝਾਨ ਬਦਸਤੂਰ ਜਾਰੀ ਹੈ।
ਪੁਲੀਸ ਵੀ ਹਰ ਸਾਲ ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ ਕਰਦੀ ਹੈ ਪਰ ਬਦਲਵਾਂ ਸੌਖਾ ਤਰੀਕਾ ਨਾ ਹੋਣ ਕਰਕੇ ਕਿਸਾਨ ਅੱਗ ਲਾਉਣ ਨੂੰ ਤਰਜੀਹ ਦਿੰਦੇ ਹਨ। ਮੁੱਖ ਸੜਕਾਂ ਤੋਂ ਇਲਾਵਾ ਲਿੰਕ ਸੜਕਾਂ ਦੇ ਆਲੇ-ਦੁਆਲੇ ਅਤੇ ਨੇੜਲੇ ਖੇਤਾਂ ’ਚ ਅੱਗ ਲਾਉਣ ਕਰ ਕੇ ਉੱਠਦਾ ਧੂੰਆਂ ਅਕਸਰ ਹਾਦਸਿਆਂ ਦਾ ਕਾਰਨ ਬਣਦਾ ਹੈ। ਐਤਵਾਰ ਨੂੰ ਇਥੇ ਜਗਰਾਉਂ-ਰਾਏਕੋਟ ਰੋਡ ’ਤੇ ਦੋ ਦਰਜਨ ਤੋਂ ਵਧੇਰੇ ਖੇਤਾਂ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਇੱਕੋ ਵੇਲੇ ਅੱਗ ਲਾਈ ਗਈ। ਸਿੱਟੇ ਵਜੋਂ ਸੜਕ ’ਤੇ ਧੂੰਆਂ ਹੀ ਧੂੰਆਂ ਨਜ਼ਰ ਆਉਣ ਲੱਗਾ। ਸੜਕ ਤੋਂ ਲੰਘਦੇ ਵਾਹਨਾਂ ਲਈ ਔਖੀ ਸਥਿਤੀ ਹੋ ਗਈ। ਬਲਾਕ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਈ ਜਾਵੇ। ਉਨ੍ਹਾਂ ਕਿਹਾ ਹੈ ਕਿ ਰਹਿੰਦ ਖੂੰਹਦ ਨੂੰ ਖੇਤ ’ਚ ਹੀ ਵਾਹ ਕੇ ਪਾਣੀ ਲਾਉਣ ਨਾਲ ਉਪਜਾਊ ਸ਼ਕਤੀ ਵਧੇਗੀ। ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਵਾਤਾਵਰਣ ਸੁੱਧ ਰੱਖਣ ’ਚ ਯੋਗਦਾਨ ਦੇਣਾ ਚਾਹੀਦਾ ਹੈ।