ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਫਾਈਨਾਂਸਰਾਂ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਭੌਰਾ ਦੇ ਪੰਜਾਬ ਪੁਲੀਸ ਦੇ ਹੋਮਗਾਰਡ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਹਾਲਾਂਕਿ ਸਿਹਤ ਖਰਾਬ ਹੁੰਦੇ ਹੀ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮੌਕੇ ’ਤੇ ਸੁਸਾਇਡ ਨੋਟ ਵੀ ਬਰਾਮਦ ਕੀਤਾ। ਇਸ ’ਚ ਉਸ ਨੇ ਫਾਈਨਾਂਸਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਗੱਲ ਆਖੀ। ਪੁਲੀਸ ਨੇ ਪਿੰਡ ਭੌਰਾ ਦੇ ਚੰਦਨ ਨਗਰ ਵਾਸੀ ਕੁਲਦੀਪ ਕੌਰ ਦੀ ਸ਼ਿਕਾਇਤ ’ਤੇ ਮੱਟੂ ਸਾਹਿਬ ਫਾਈਨਾਂਸ, ਪ੍ਰੀਤ ਫਾਈਨਾਂਸ, ਰਿੰਕੂ ਤੇ ਇੱਕ ਹੋਰ ਦੇ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪੁਲੀਸ ਨੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੁਸਨ ਲਾਲ ਦੇ 2 ਲੜਕੀਆਂ ਹਨ। ਹੋਮਗਾਰਡ ਹੁਸਨ ਲਾਲ ਥਾਣਾ ਡਿਵੀਜ਼ਨ ਨੰਬਰ 2 ਦੀ ਚੌਕੀ ਜਨਕਪੁਰੀ ’ਚ ਤਾਇਨਾਤ ਸੀ। ਸੁਸਾਈਡ ਨੋਟ ’ਚ ਹੁਸਨ ਲਾਲ ਵੱਲੋਂ ਲਿਖਿਆ ਕਿ ਉਸਨੇ ਫਾਈਨਾਂਸਰ ਤੋਂ 30 ਹਜ਼ਾਰ ਰੁਪਏ ਲਏ ਸਨ। ਉਹ ਹਰ ਮਹੀਨੇ ਸਮੇਂ ’ਤੇ ਵਿਆਜ ਦਿੰਦਾ ਸੀ। ਇਸ ਵਾਰ ਉਹ ਵਿਆਜ ਨਹੀਂ ਦੇ ਸਕਿਆ ਤਾਂ ਪ੍ਰੀਤ ਫਾਈਨਾਂਸ ਵਾਲੇ ਘਰ ਆ ਕੇ ਗਾਲੀ ਗਲੋਚ ਕਰਦੇ ਸਨ। ਮੱਟੂ ਫਾਈਨਾਂਸ ਵਾਲੇ ਵੀ ਉਸ ਨੂੰ ਧਮਕੀਆਂ ਦੇ ਰਹੇ ਸਨ। ਬਾਕੀ ਮੁਲਜ਼ਮ ਉਸਨੂੰ ਧਮਕੀਆਂ ਦੇ ਰਹੇ ਸਨ ਕਿ ਉਨ੍ਹਾਂ ਕੋਲ ਉਸ ਦਾ ਡੇਢ ਲੱਖ ਦਾ ਚੈਕ ਪਿਆ ਹੈ। ਐਤਵਾਰ ਦੇਰ ਸ਼ਾਮ ਜਦੋਂ ਹੁਸਨ ਲਾਲ ਆਪਣੇ ਘਰ ਗਿਆ ਤਾਂ ਆਪਣੇ ਨਾਲ ਇੱਕ ਸ਼ਰਾਬ ਦੀ ਛੋਟੀ ਬੋਤਲ ਲੈ ਗਿਆ, ਤਾਂ ਕਿ ਪਰਿਵਾਰ ਨੂੰ ਸ਼ੱਕ ਨਾ ਹੋਵੇ ਕਿ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲੀ ਹੈ, ਜਦੋਂਕਿ ਸਾਥੀ ਪੁਲੀਸ ਮੁਲਾਜ਼ਮਾਂ ਤੇ ਪਰਿਵਾਰ ਨੇ ਦੱਸਿਆ ਕਿ ਹੁਸਨ ਲਾਲ ਸ਼ਰਾਬ ਨਹੀਂ ਪੀਂਦਾ ਸੀ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ, ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।