ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਨਵੰਬਰ
ਰੇਲਵੇ ਸਟੇਸ਼ਨ ’ਤੇ ਹੁਣ ਇੱਕ ਵਾਰ ਫਿਰ ਪਲੇਟਫਾਰਮ ਟਿਕਟ ਦੇ ਭਾਅ ਘਟਾ ਦਿੱਤੇ ਹਨ। ਹੁਣ ਫਿਰ ਪਲੇਟਫਾਰਮ ਦੀ ਟਿਕਟ 10 ਰੁਪਏ ਦੀ ਕਰ ਦਿੱਤੀ ਗਈ ਹੈ। ਜਦਕਿ ਇਸ ਤੋਂ ਪਹਿਲਾਂ ਪਲੇਟਫਾਰਮ ਦੀ ਟਿਕਟ 30 ਰੁਪਏ ਕਰ ਦਿੱਤੀ ਸੀ। ਇਹ ਵਾਧਾ ਰੇਲਵੇ ਦੇ ਵੱਲੋਂ ਇੱਕ ਮਹੀਨੇ ਪਹਿਲਾਂ ਕੀਤਾ ਗਿਆ ਸੀ। ਇਸ ਨੂੰ 10 ਰੁਪਏ ਤੋਂ 30 ਰੁਪਏ ਪ੍ਰਤੀ ਵਿਅਕਤੀ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਨੂੰ ਦੁਬਾਰਾ ਤੋਂ 10 ਰੁਪਏ ਪ੍ਰਤੀ ਪਲੇਟਫਾਰਮ ਟਿਕਟ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਡਿਵੀਜ਼ਨ ’ਤੇ ਹਰ ਰੇਲਵੇ ਸਟੇਸ਼ਨ ਅਧਿਕਾਰੀ ਨੂੰ ਇਹ ਚਿੱਠੀ ਜਾਰੀ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਪਲੇਟਫਾਰਮ ਦੀ ਟਿਕਟ ਦਾ ਸਸਤਾ ਭਾਅ ਵੀਰਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਪਲੇਟਫਾਰਮ ਟਿਕਟ ਵਿੱਚ ਵਾਧਾ ਕਰਨ ਦਾ ਕਾਰਨ ਤਿਉਹਾਰੀ ਸੀਜ਼ਨ ’ਚ ਰੇਲਵੇ ਸਟੇਸ਼ਨ ਵਿੱਚ ਵਧਣ ਵਾਲੀ ਭੀੜ ਨੂੰ ਘੱਟ ਕਰਨਾ ਸੀ, ਕਿਉਂਕਿ ਇੱਕ ਤਾਂ ਯਾਤਰੀਆਂ ਦੀ ਗਿਣਤੀ ਇਸ ਦੌਰਾਨ ਵਧ ਜਾਂਦੀ ਹੈ, ਉਧਰ ਯਾਤਰੀਆਂ ਨੂੰ ਛੱਡਣ ਵਾਲੇ ਜ਼ਿਆਦਾ ਹੋਣ ਨਾਲ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮ ਤੰਗ ਹੋ ਜਾਂਦੇ ਹਨ। ਇਸ ਦੇ ਚਲਦੇ ਕਈ ਵਾਰ ਸਟੇਸ਼ਨ ’ਤੇ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਹਨ। ਇਸ ਲਈ ਪਲੇਟਫਾਰਮ ਟਿਕਟ ਦੇ ਭਾਅ ’ਚ ਵਾਧਾ ਕੀਤਾ ਗਿਆ ਸੀ।
ਹਰ ਸਾਲ ਕੀਤਾ ਜਾਂਦਾ ਹੈ ਵਾਧਾ
ਰੇਲ ਅਧਿਕਾਰੀਆਂ ਵੱਲੋਂ 23 ਅਕਤੂਬਰ ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀ। ਫਿਰੋਜ਼ਪੁਰ ਮੰਡਲ ਦੀ ਡਿਵੀਜ਼ਨਲ ਅਧਿਕਾਰੀ ਸੀਮਾ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਕੁਝ ਸਮੇਂ ਲਈ ਪਲੇਟਫਾਰਮ ਟਿਕਟ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਕਿ ਤਿਉਹਾਰੀ ਸੀਜ਼ਨ ’ਚ ਭੀੜ ਨੂੰ ਘੱਟ ਕੀਤਾ ਜਾ ਸਕੇ। ਅਜਿਹੇ ਵਿੱਚ ਹੁਣ ਤਿਉਹਾਰੀ ਸੀਜ਼ਨ ਦੀ ਭੀੜ ਘੱਟ ਹੋ ਗਈ ਹੈ ਤੇ ਹੁਣ ਦੁਬਾਰਾ ਪੁਰਾਣੇ ਭਾਅ ’ਤੇ ਪਲੇਟਫਾਰਮ ਟਿਕਟ ਕਰ ਦਿੱਤੀ ਗਈ ਹੈ।