ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਨਵੰਬਰ
ਭਾਰਤੀ ਹਵਾਈ ਫੌਜ ਦੇ ਹਲਵਾਰਾ ਕੇਂਦਰ ਵੱਲੋਂ ਹਵਾਈ ਸੈਨਾ ਦੀ ਤਾਕਤ ਦਿਖਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਹਵਾਈ ਸੈਨਾ ਦੇ ਯੋਗਦਾਨ ਨੂੰ ਦਰਸਾਉਣ ਲਈ ‘ਹਵਾਈ ਸੈਨਾ ਜਾਗਰੂਕਤਾ ਮੁਹਿੰਮ’ ਤਹਿਤ ਹਵਾਈ ਕਲਾਬਾਜ਼ੀਆਂ ਦੇ ਜਲਵੇ ਦਿਖਾਏ ਗਏ।
ਇਸ ਸਮਾਗਮ ਵਿੱਚ ਸਕੂਲ ਅਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ, ਆਮ ਲੋਕਾਂ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਹ ਮੁਹਿੰਮ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਨੌਜਵਾਨਾਂ ਨੂੰ ਭਾਰਤੀ ਹਵਾਈ ਫੌਜ ਸਮੇਤ ਹੋਰ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਸੀ।
ਹਵਾਈ ਪ੍ਰਦਰਸ਼ਨ ਦੌਰਾਨ ਭਾਰਤੀ ਹਵਾਈ ਸੈਨਾ ਦੀ ‘ਸੂਰਿਆ ਕਿਰਨ’ ਟੀਮ ਨੇ ਹਵਾ ਵਿੱਚ ਰੋਮਾਂਚਕ ਕਲਾਬਾਜ਼ੀਆਂ ਦਿਖਾ ਕੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਦਿਖਾਏ ਸੂ-ਤੀ ਜੰਗੀ ਜਹਾਜ਼ਾਂ ਦੇ ਬੇੜੇ ਦੀ ਵੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਭਾਰਤੀ ਹਵਾਈ ਸੈਨਾ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਸਬੰਧੀ ਨੌਜਵਾਨਾਂ ਨੇ ਕਾਫ਼ੀ ਦਿਲਚਸਪੀ ਦਿਖਾਈ। ਹਵਾਈ ਫੌਜ ਦੇ ਬੈਂਡ ਨੇ ਸੁਰੀਲੀਆਂ ਅਤੇ ਮਾਰਸ਼ਲ ਧੁਨਾਂ ਵਜਾ ਕੇ ਹਾਜ਼ਰ ਲੋਕਾਂ ਤੋਂ ਵਾਹ-ਵਾਹ ਖੱਟੀ। ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਹਵਾਈ ਸ਼ੋਅ ਸਫ਼ਲਤਾ ਪੂਰਵਕ ਕਰਵਾਇਆ ਗਿਆ।