ਜਗਰਾਉਂ: ਜਗਰਾਉਂ ਮੀਡੀਆ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਸੱਗੂ ਦੇ ਦਫ਼ਤਰ ਵਿੱਚੋਂ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ, ਅਦਾਲਤੀ ਕੇਸਾਂ ਨਾਲ ਸਬੰਧਤ ਫਾਈਲਾਂ ਅਤੇ 65 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਇਸ ਸਬੰਧੀ ਥਾਣਾ ਸ਼ਹਿਰੀ ਦੀ ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਚੋਰਾਂ ਦੀ ਭਾਲ ਲਈ ਯਤਨ ਆਰੰਭ ਕਰ ਦਿੱਤੇ ਹਨ। ਇਸ ਸਬੰਧੀ ਸ਼ਿਕਾਇਤਕਰਤਾ ਪੱਤਰਕਾਰ ਹਰਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਉਸ ਦੇ ਰਾਏਕੋਟ ਅੱਡੇ ’ਚ ਦਫ਼ਤਰ ਅਤੇ ਮੈਡੀਕਲ ਸਟੋਰ ’ਚ 6 ਤੇ 7 ਜੂਨ ਦੀ ਦਰਮਿਆਨੀ ਰਾਤ ਨੂੰ ਦਫ਼ਤਰ ਉਪਰ ਬਣੇ ਚੁਬਾਰੇ ਦੇ ਦੋਵੇਂ ਦਰਵਾਜ਼ੇ ਤੋੜ ਕੇ ਦੁਕਾਨ ਵਿੱਚੋਂ ਉਕਤ ਸਾਮਾਨ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰੀ, ਅਦਾਲਤ ਅਤੇ ਪੁਲੀਸ ਨਾਲ ਸਬੰਧਤ ਕੁੱਝ ਫਾਈਲਾਂ ਵੀ ਦਫ਼ਤਰ ਵਿੱਚੋਂ ਗਾਇਬ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸ਼ਹਿਰੀ ਦੀ ਪੁਲੀਸ ਵੱਲੋਂ ਨਿਯੁਕਤ ਅਧਿਕਾਰੀ ਸਬ-ਇੰਸਪੈਕਟਰ ਰਾਜਧੀਮ ਨੇ ਸ਼ਿਕਾਇਤਕਰਤਾ ਦੇ ਬਿਆਨ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਉਪਰੰਤ ਚੋਰਾਂ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਹਨ। -ਪੱਤਰ ਪ੍ਰੇਰਕ