ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਦਸੰਬਰ
ਪੰਜਾਬ ਵਿੱਚ ਖੇਡਾਂ ਦੀ ਬਿਹਤਰੀ ਅਤੇ ਤਰੱਕੀ ਲਈ ਡ੍ਰੀਮ ਇਲੈਵਨ ਦੀ ਸਰਪ੍ਰਸਤੀ ਹੇਠ ਪੰਜਾਬ ਫਾਊਂਡੇਸ਼ਨ ਵੱਡੇ ਉਪਰਾਲੇ ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਫਾਊਂਡੇਸ਼ਨ ਨੇ ਜਰਖੜ ਸਟੇਡੀਅਮ, ਤਲਵਾੜਾ ਅਤੇ ਪਿੰਡ ਚਕਰ ਵਿਖੇ ਤਿੰਨ ਮੁੱਕੇਬਾਜ਼ੀ ਦੇ ਸੈਂਟਰ ਖੋਲ੍ਹੇ ਹਨ। ਅੱਜ ਜਰਖੜ ਖੇਡ ਸਟੇਡੀਅਮ ਵਿਖੇ ਪੰਜਾਬ ਫਾਊਂਡੇਸ਼ਨ ਨੇ ਜਰਖੜ ਹਾਕੀ ਅਤੇ ਮੁੱਕੇਬਾਜ਼ੀ ਅਕੈਡਮੀ ਦੇ ਖਿਡਾਰੀਆਂ ਨੂੰ 5 ਲੱਖ ਰੁਪਏ ਦੇ ਕਰੀਬ ਦਾ ਖੇਡਾਂ ਦਾ ਸਾਮਾਨ 100 ਤੋਂ ਵੱਧ ਖਿਡਾਰੀਆਂ ਨੂੰ ਵੰਡਿਆ ਜਿਸ ਵਿੱਚ ਹਾਕੀ ਅਤੇ ਮੁੱਕੇਬਾਜ਼ੀ ਦੇ ਖਿਡਾਰੀਆਂ ਲਈ ਟਰੈਕਸੂਟ, ਗਲੱਬਜ਼ , ਸਪੋਰਟਸ ਕਿੱਟਾਂ, ਬੂਟ, ਹਾਕੀ ਸਟਿੱਕਾਂ ਅਤੇ ਹੋਰ ਖੇਡਾਂ ਦਾ ਸਾਮਾਨ ਸ਼ਾਮਿਲ ਹੈ । ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਦੀਆਂ ਕੌਮੀ ਹਾਕੀ ਚੈਂਪੀਅਨਸ਼ਿਪ ਲਈ ਭੋਪਾਲ ਖੇਡਣ ਗਈਆਂ ਟੀਮਾਂ ਦਾ ਖਰਚਾ ਵੀ ਪੰਜਾਬ ਫਾਊਂਡੇਸ਼ਨ ਨੇ ਆਪਣੇ ਪੱਲਿਓਂ ਹੀ ਦਿੱਤਾ। ਇਸ ਮੌਕੇ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰਸੀਪਲ ਬਲਵੰਤ ਸਿੰਘ ਚਕਰ, ਅੰਤਰਰਾਸ਼ਟਰੀ ਮੁੱਕੇਬਾਜ਼ ਜਗਦੀਪ ਸਿੰਘ ਘੁੰਮਣ ਮੁੰਬਈ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।