ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਜੂਨ
ਫਾਇਰ ਬ੍ਰਿਗੇਡ ਵਿਭਾਗ ਕੋਲੋਂ ਐੱਨਓਸੀ ਨਾ ਲੈਣ ਵਾਲੇ ਟਿਊਸ਼ਨ ਸੈਂਟਰਾਂ ਦੀਆਂ ਮੁਸ਼ਕਿਲਾਂ ਹੁਣ ਵਧਣ ਵਾਲੀਆਂ ਹਨ। ਵਿਭਾਗ ਨੇ ਬਿਨਾਂ ਐੱਨਓਸੀ ਲਏ ਚੱਲ ਰਹੇ ਟਿਊਸ਼ਨ ਸੈਂਟਰਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅੱਗ ਬੁਝਾਊ ਅਮਲੇ ਵੱਲੋਂ ਟਿਊਸ਼ਨ ਮਾਰਕੀਟ ’ਚ ਅਜਿਹੇ ਇੱਕ ਦਰਜਨ ਦੇ ਕਰੀਬ ਚੱਲ ਰਹੇ ਸੈਂਟਰ ਚਾਲਕਾਂ ਨੂੰ ਨੋਟਿਸ ਦਿੱਤੇ ਗਏ। ਉਨ੍ਹਾਂ ਨੂੰ ਤੁਰੰਤ ਅੱਗ ਬੁਝਾਊ ਵਿਭਾਗ ਦੇ ਨਿਯਮਾਂ ਅਨੁਸਾਰ ਪ੍ਰਬੰਧ ਕਰਨ ਲਈ ਆਖਿਆ ਗਿਆ। ਇਨ੍ਹਾਂ ਨੋਟਿਸਾਂ ਨੂੰ ਅਣਦੇਖਿਆ ਕਰਨ ’ਤੇ ਅੱਗੇ ਸਖਤ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਗਈ। ਸੀਨੀਅਰ ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਸਨਅਤੀ ਸ਼ਹਿਰ ਦੇ ਮਾਡਲ ਟਾਊਨ ਐਕਸਟੈਂਸ਼ਨ ਮਾਰਕੀਟ ਵਿੱਚ ਬਣੇ ਟਿਊਸ਼ਨ ਸੈਂਟਰ ’ਚ ਹਰ ਦਿਨ ਸੈਂਕੜੇ ਵਿਦਿਆਰਥੀ ਪੜ੍ਹਾਈ ਕਰਨ ਲਈ ਆਉਂਦੇ ਹਨ।
ਇੱਥੇ ਕਈ ਟਿਊਸ਼ਨ ਸੈਂਟਰ ਹਨ ਤੇ ਇਸ ਤੋਂ ਇਲਾਵਾ ਆਈਲੈਟਸ ਸੈਂਟਰ ਵੀ ਚੱਲ ਰਹੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਨੇ ਅੱਗ ਬੁਝਾਊ ਵਿਭਾਗ ਤੋਂ ਐੱਨਓਸੀ ਨਹੀਂ ਲਈ ਹੈ। ਨਿਯਮਾਂ ਅਨੁਸਾਰ ਕੋਈ ਕਮਰਸ਼ੀਅਲ ਗਤੀਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਫਾਇਰ ਬ੍ਰਿਗੇਡ ਵਿਭਾਗ ਤੋਂ ਐਨਓਸੀ ਲੈਣੀ ਲਾਜ਼ਮੀ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸੈਂਟਰ ਦੇ ਅੰਦਰ ਅੱਗ ਲੱਗਣ ’ਤੇ ਪੂਰੀ ਪ੍ਰਬੰਧ ਕੀਤੇ ਗਏ ਹਨ ਕਿ ਨਹੀਂ।
ਇੱਥੇ ਨਿਯਮਾਂ ਦੀ ਅਣਦੇਖੀ ਕਰ ਕੇ ਕਈ ਟਿਊਸ਼ਨ ਸੈਂਟਰ ਚੱਲ ਰਹੇ ਹਨ। ਇਸ ਲਈ ਅਜਿਹੇ ਟਿਊਸ਼ਨ ਸੈਂਟਰਾਂ ਨੂੰ ਨੋਟਿਸ ਭੇਜੇ ਗਏ ਹਨ। ਇਨ੍ਹਾਂ ਨੋਟਿਸਾਂ ਤੋਂ ਬਾਅਦ ਵਿਭਾਗ ਅਮਲੇ ਵੱਲੋਂ ਇਨ੍ਹਾਂ ਸੈਂਟਰਾਂ ਦੀ ਜਾਂਚ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਪੂਰੇ ਪ੍ਰਬੰਧ ਕਰ ਲਏ ਹਨ ਜਾਂ ਫਿਰ ਨਹੀਂ ਤੇ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।