ਗਗਨਦੀਪ ਅਰੋੜਾ
ਲੁਧਿਆਣਾ, 6 ਜਨਵਰੀ
ਇੱਥੇ ਦੇ ਸੂਫ਼ੀਆ ਚੌਕ ਕੋਲ ਦੇਰ ਰਾਤ ਕਰਫਿਊ ਦਾ ਸਮਾਂ ਹੋਣ ’ਤੇ ਠੇਕਾ ਬੰਦ ਕਰਨ ਲਈ ਬਾਹਰ ਖੜ੍ਹੇ ਸੁਪਰਵਾਈਜ਼ਰ ’ਤੇ ਕਾਰ ਸਵਾਰ ਨੇ ਗੋਲੀ ਚਲਾ ਦਿੱਤੀ। ਗੋਲੀ ਸੁਪਰਵਾਈਜ਼ਰ ਹਰਵਿੰਦਰ ਕੁਮਾਰ ਦੀ ਲੱਤ ’ਤੇ ਜਾ ਲੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਸੂਚਨਾ ਮਿਲਦੇ ਹੀ ਏਸੀਪੀ ਸੈਂਟਰਲ ਹਰਸਿਮਰਤ ਸਿੰਘ ਅਤੇ ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਸਤਪਾਲ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਜਾਂਚ ਤੋਂ ਬਾਅਦ ਹਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਆਲਮਗੀਰ ਦੇ ਰਹਿਣ ਵਾਲੇ ਹਰਿੰਦਰ ਸਿੰਘ ਵਿਰਕ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਣੇ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੂਫ਼ੀਆ ਚੌਕ ਕੋਲ ਸ਼ਰਾਬ ਦਾ ਠੇਕਾ ਹੈ, ਜਿੱਥੇ ਹਰਵਿੰਦਰ ਕੁਮਾਰ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਹੈ। ਕਰੋਨਾਵਾਇਰਸ ਕਾਰਨ ਸਰਕਾਰ ਦੇ ਹੁਕਮਾਂ ਅਨੁਸਾਰ ਠੇਕਾ ਰਾਤ 10 ਵਜੇ ਬੰਦ ਕਰਨਾ ਹੁੰਦਾ ਹੈ। 10 ਵਜੇ ਤੋਂ ਸ਼ਰਾਬ ਦਾ ਠੇਕਾ ਬੰਦ ਕੀਤਾ ਜਾ ਰਿਹਾ ਸੀ ਅਤੇ ਹਰਵਿੰਦਰ ਸਿੰਘ ਬਾਹਰ ਖੜ੍ਹਾ ਸੀ। ਇਸੇ ਦੌਰਾਨ ਕਾਰ ਸਵਾਰ ਮੁਲਜ਼ਮ ਹਰਿੰਦਰ ਸਿੰਘ ਆਇਆ ਜੋ ਕਿ ਹਰਵਿੰਦਰ ਦੀ ਜਾਣ-ਪਛਾਣ ਵਾਲਾ ਸੀ। ਇਸ ਮੌਕੇ ਦੋਹਾਂ ਵਿਚਾਲੇ ਬਹਿਸ ਹੋ ਗਈ ਅਤੇ ਹਰਿੰਦਰ ਨੇ ਆਪਣੇ ਕੋਲ ਰੱਖੇ ਹਥਿਆਰ ਤੋਂ ਗੋਲੀ ਚਲਾ ਦਿੱਤੀ ਜੋ ਕਿ ਹਰਵਿੰਦਰ ਦੀ ਲੱਤ ਵਿਚ ਵੱਜੀ ਅਤੇ ਹਰਵਿੰਦਰ ਥੱਲੇ ਡਿੱਗ ਗਿਆ। ਠੇਕੇ ਦੇ ਬਾਕੀ ਮੁਲਾਜ਼ਮ ਵੀ ਬਾਹਰ ਆ ਗਏ ਅਤੇ ਉਨ੍ਹਾਂ ਹਰਵਿੰਦਰ ਨੂੰ ਚੁੱਕਿਆ। ਐਨੇ ਨੂੰ ਮੁਲਜ਼ਮ ਹਰਿੰਦਰ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।
ਠੇਕੇ ਦੇ ਮੁਲਾਜ਼ਮਾਂ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ, ਜਿਸ ਮਗਜੋਂ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਥਾਣਾ ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਜਣਿਆਂ ਦਾ ਆਪਸ ’ਚ ਕੋਈ ਪੈਸੇ ਦੇ ਲੈਣ-ਦੇਣ ਸੀ। ਪੈਸੇ ਦੇ ਲੈਣ-ਦੇਣ ਦੇ ਚੱਕਰ ’ਚ ਹੀ ਦੋਹਾਂ ਦੀ ਬਹਿਸ ਹੋ ਗਈ ਅਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ। ਬਾਕੀ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।