ਸੰਸਦ ਮੈਂਬਰ ਅਮਰ ਸਿੰਘ ਤੇ ਡੀਸੀ ਨੇ ਕੀਤਾ ਉਦਘਾਟਨ; ਲੁਧਿਆਣਾ ਨੂੰ ਸਾਫ਼, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 29 ਅਕਤੂਬਰ
ਇੱਕ ਵੱਡੀ ਵਾਤਾਵਰਨ ਪੱਖੀ ਪਹਿਲ ਕਦਮੀ ਤਹਿਤ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪਹਿਲਾ ਥਿੰਕ ਗੈਸ ਆਨਲਾਈਨ ਸੀਐੱਨਜੀ. ਸਟੇਸ਼ਨ ਲੋਕ ਅਰਪਣ ਕੀਤਾ ਗਿਆ। ਜਿੱਥੇ ਰਾਏਕੋਟ ਸ਼ਹਿਰ ਦੇ ਖਪਤਕਾਰਾਂ ਨੂੰ 67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੀ.ਐੱਨ.ਜੀ. ਉਪਲੱਬਧ ਹੋਵੇਗੀ।
ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਖਪਤਕਾਰਾਂ ਲਈ ਸਸਤਾ ਅਤੇ ਵਧੀਆਂ ਈਂਧਣ ਯਕੀਨੀ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਇਸ ਨਾਲ ਇੱਕ ਪਾਸੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਦੂਜੇ ਪਾਸੇ ਖਪਤਕਾਰਾਂ ਨੂੰ ਇਸ ਸਸਤੇ ਅਤੇ ਭਵਿੱਖ ਦੇ ਈਂਧਣ ਦੀ ਉਪਲੱਬਧਤਾ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਏਕੋਟ ਹਲਕੇ ਦੇ ਲੋਕ ਪਾਈਪਲਾਈਨ ਰਾਹੀਂ ਸੀਐੱਨਜੀ ਸਿੱਧੀ ਆਪਣੇ ਘਰਾਂ ਤੱਕ ਪ੍ਰਾਪਤ ਕਰ ਸਕਣਗੇ। ਡਾ. ਅਮਰ ਸਿੰਘ ਨੇ ਕਿਹਾ ਕਿ ਇਹ ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਲੰਬੀ ਮਿਆਦ ਦੀ ਯੋਜਨਾ ਦੀ ਸ਼ੁਰੂਆਤ ਹੈ ਅਤੇ ਜ਼ਿਲ੍ਹੇ ਭਰ ਵਿੱਚ ਥਿੰਕ ਗੈਸ ਦੇ ਅਜਿਹੇ ਹੋਰ ਪੰਪ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੇ 26 ਪੰਪ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਹੇ ਹਨ। ਗੈਸੀ ਈਂਧਣ ਦੀ ਸ਼ੁਰੂਆਤ ਨਾਲ ਜਿੱਥੇ ਲੋਕਾਂ ਨੂੰ ਨਿਰਵਿਘਨ ਅਤੇ ਸੁਚਾਰੂ ਈਂਧਣ ਮੁਹੱਈਆ ਕਰਾਉਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਈਂਧਣ ਦੀ ਸ਼ੁਰੂਆਤ ਦਾ ਰਾਹ ਪੱਧਰਾ ਹੋਵੇਗਾ, ਉੱਥੇ ਹੀ ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਮਦਦ ਮਿਲੇਗੀ। ਸਮਾਗਮ ਦੌਰਾਨ ਉਨ੍ਹਾਂ ਬੂਟੇ ਵੀ ਲਗਾਏ। ਇਸ ਮੌਕੇ ਐਸ.ਡੀ.ਐੱਮ. ਗੁਰਬੀਰ ਸਿੰਘ ਕੋਹਲੀ, ਥਿੰਕ ਗੈਸ ਦੇ ਸੀਈਓ ਹਰਦੀਪ ਸਿੰਘ ਰਾਏ, ਸੰਦੀਪ ਤ੍ਰੇਹਨ, ਮਨਮੋਹਨ ਸਿੰਘ, ਬ੍ਰਜੇਸ਼ ਸਿੰਘ, ਜੌਨੀ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ- ਰਾਏਕੋਟ ’ਚ ਸੀਐੱਨਜੀ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ।