ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਸਤੰਬਰ
ਸ਼ਹਿਰ ਦੇ ਸੁੰਨਸਾਨ ਇਲਾਕਿਆਂ ’ਚ ਲਿਫਟ ਲੈਣ ਤੋਂ ਬਾਅਦ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰਨ ਵਾਲੀਆਂ ਦੋ ਔਰਤਾਂ ਸਣੇ ਪੰਜ ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ 7 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸੂਚਨਾ ਮਿਲਣ ’ਤੇ ਮੁਲਜ਼ਮਾਂ ਨੂੰ ਇੱਕ ਮੁਲਜ਼ਮ ਦੇ ਘਰੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਸਮੇਤ ਵੱਖ-ਵੱਖ ਕੰਪਨੀਆਂ ਦੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਪੁਲੀਸ ਨੇ ਇਸ ਮਾਮਲੇ ਵਿੱਚ ਬਿਕਰਮਜੀਤ ਸਿੰਘ ਉਰਫ਼ ਸੋਨੂੰ ਵਾਸੀ ਚੀਮਾ ਚੌਕ, ਸੁਮਨ ਵਾਸੀ ਮੁਹੱਲਾ ਜਨਕਪੁਰੀ, ਖੁਸ਼ੀ ਵਾਸੀ ਮਿਲਰਗੰਜ, ਅਮਿਤ ਚੌਹਾਨ ਵਾਸੀ ਬਾਬਾ ਜੀਵਨ ਸਿੰਘ ਨਗਰ ਅਤੇ ਨਿਖਿਲ ਕੁਮਾਰ ਉਰਫ਼ ਚੋਟੀਆਂ ਵਾਸੀ ਮੁਹੱਲਾ ਵਿਜੇ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਇਸ ਸਬੰਧੀ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮਾਂ ਦਾ ਇੱਕ ਗਰੋਹ ਬਣਾਇਆ ਹੋਇਆ ਹੈ ਅਤੇ ਉਹ ਹਥਿਆਰਾਂ ਦੇ ਜ਼ੋਰ ’ਤੇ ਰਾਹਗੀਰਾਂ ਨੂੰ ਲੁੱਟਦੇ ਹਨ। ਜਿਵੇਂ ਹੀ ਪੁਲੀਸ ਨੂੰ ਮੁਲਜ਼ਮਾਂ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੁਲਜ਼ਮ ਅਮਿਤ ਚੌਹਾਨ ਦੇ ਘਰ ਤੋਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ।
ਦੂਜੇ ਪਾਸੇ ਪੁਲੀਸ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਪਣੇ ਗਰੋਹ ਵਿੱਚ ਕੁੜੀਆਂ ਵੀ ਸ਼ਾਮਲ ਕੀਤੀਆਂ ਹੋਈਆਂ ਸਨ। ਮੁਲਜ਼ਮ ਰਾਹਗੀਰਾਂ ਨੂੰ ਲਿਫਟ ਲੈਣ ਦੇ ਬਹਾਨੇ ਦੇਰ ਰਾਤ ਸੁੰਨਸਾਨ ਥਾਵਾਂ ’ਤੇ ਲੈ ਕੇ ਜਾਂਦੇ ਸਨ ਅਤੇ ਫਿਰ ਲੁੱਟ-ਮਾਰ ਕਰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਟਿੱਬਾ ਰੋਡ, ਤਾਜਪੁਰ ਰੋਡ ਦੇ ਨਾਲ-ਨਾਲ ਮੋਤੀ ਨਗਰ ਇਲਾਕੇ ਤੋਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਉਨ੍ਹਾਂ ਦੇ ਪੁਰਾਣੇ ਰਿਕਾਰਡ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਗਰੋਹ ਕਿਵੇਂ ਬਣਾਇਆ।
ਤਿੰਨ ਲੁਟੇਰਿਆਂ ਵੱਲੋਂ ਵਿਅਕਤੀ ਤੋਂ ਲੁੱਟ-ਖੋਹ
ਜਗਰਾਉਂ: ਪਿੰਡ ਅਲੀਗੜ੍ਹ ਨੇੜੇ ਕੰਮ ਤੋਂ ਪਰਤ ਰਹੇ ਇੱਕ ਵਿਅਕਤੀ ਨੂੰ ਰਸਤੇ ’ਚ ਘੇਰ ਕੇ ਤਿੰਨ ਲੁਟੇਰਿਆਂ ਨੇ ਲੁੱਟ ਲਿਆ। ਪੀੜਤ ਦਵਿੰਦਰ ਸਿੰਘ ਵਾਸੀ ਪਿੰਡ ਚੁਪਕੀ ਨੇ ਏਐੱਸਆਈ ਅਨਵਰ ਮਸੀਹ ਨੂੰ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਹ ਆਪਣੇ ਪਿੰਡ ਚੁਪਕੀ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਪਿੰਡ ਅਲੀਗੜ੍ਹ ਕੋਲ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਲੜਕਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਡਰ ਕੇ ਮੋਟਰਸਾਈਕਲ ਭਜਾ ਲਿਆ ਤਾਂ ਉਨ੍ਹਾਂ ਆਪਣਾ ਮੋਟਰਸਾਈਕਲ ਤੇਜ਼ ਕਰ ਕੇ ਉਸਦੇ ਬਰਾਬਰ ਲਾ ਕੇ ਹਥਿਆਰ ਦਿਖਾ ਕੇ ਉਸ ਨੂੰ ਰੁਕਣ ਲਈ ਆਖਿਆ। ਜਦੋਂ ਉਸ ਨੇ ਮੋਟਰਸਾਈਕਲ ਰੋਕਿਆ ਤਾਂ ਦੋ ਜਣਿਆਂ ਨੇ ਜਬਰਦਸਤੀ ਗਲੇ ’ਚ ਪਾਈ ਚਾਂਦੀ ਦੀ ਪੰਜ ਤੋਲੇ ਦੀ ਚੇਨ ਝਪਟ ਲਈ ਤੇ ਫ਼ਰਾਰ ਹੋ ਗਏ। ਉਸ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ। ਪੀੜਤ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਪੜਤਾਲ ਆਰੰਭੀ ਤਾਂ ਲੁਟੇਰਿਆਂ ਦੀ ਪਛਾਣ ਭਗਵੰਤ ਸਿੰਘ ਭੰਤੀ ਪਿੰਡ ਸਿੱਧਵਾਂ ਕਲਾਂ, ਹਰਪ੍ਰੀਤ ਸਿੰਘ ਹੈਪੀ ਪਿੰਡ ਗਗੜਾ ਤੇ ਸੰਦੀਪ ਸਿੰਘ ਵਾਸੀ ਪਿੰਡ ਡੱਲਾ ਵਜੋਂ ਹੋਈ। ਪੁਲੀਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰਨ ਉਪਰੰਤ ਭਾਲ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। -ਪੱਤਰ ਪ੍ਰੇਰਕ