ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਨਾਲ ਬਾਹਰੀ ਸੂਬਿਆਂ ਦੀਆਂ ਏਟੀਐਮ ਮਸ਼ੀਨਾਂ ’ਚ ਹੇਰਾਫੇਰੀ ਕਰ ਬੈਂਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਵਾਲੇ ਪੰਜ ਮੁਲਜ਼ਮਾਂ ਨੂੰ ਥਾਣਾ ਜਮਾਲਪੁਰ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਗਰੋਹ ਦੇ ਚਾਰ ਮੈਂਬਰ ਹਾਲੇ ਵੀ ਫ਼ਰਾਰ ਹਨ। ਮੁਲਜ਼ਮਾਂ ਨੂੰ ਪੁਲੀਸ ਨੇ ਰਾਮਗੜ੍ਹ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇੇ ’ਚੋਂ ਪੁਲੀਸ ਨੇ ਵੱਖ-ਵੱਖ ਬੈਂਕਾਂ ਦੇ 41 ਏਟੀਐਮ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਭਾਮੀਆਂ ਕਲਾਂ ਵਾਸੀ ਨਵੀਨ ਕੁਮਾਰ, ਰਾਕੇਸ਼ ਕਾਲੀਆ, ਟਿੱਬਾ ਰੋਡ ਵਾਸੀ ਸੁਰਿੰਦਰ ਬਾਂਸਲ, ਜੱਸੀਆ ਰੋਡ ਵਾਸੀ ਅਜੈ ਕੁਮਾਰ ਤੇ ਮੋਤੀ ਨਗਰ ਵਾਸੀ ਰੋਕੀ ਨੂੰ ਗ੍ਰਿਫ਼ਤਾਰ ਕੀਤਾ ਹੈ।