ਪੱਤਰ ਪ੍ਰੇਰਕ
ਦੋਰਾਹਾ, 24 ਦਸੰਬਰ
1971 ਦੀ ਭਾਰਤ-ਪਾਕਿ ਜੰਗ ਵਿਚ ਬਹਾਦਰੀ ਦਿਖਾਉਣ ਵਾਲੇ ਸੂਬੇਦਾਰ ਰਾਮ ਸਿੰਘ ਨੂੰ 50 ਵਰ੍ਹਿਆਂ ਪਿੱਛੋਂ ਮੁੜ ਫੌਜ ਦੇ ਕੰਪਨੀ ਕਮਾਂਡਰ ਵੱਲੋਂ ਉਨ੍ਹਾਂ ਨੂੰ ਘਰ ਆ ਕੇ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 1971 ਦੀ ਜੰਗ ਵਿਚ ਫਿਰੋਜ਼ਪੁਰ ਬਾਰਡਰ ’ਤੇ ਪਾਕਿਸਤਾਨ ਦੀ ਫੌਜ ਵੱਲੋਂ ਭਾਰਤ ਦੀ ਇਕ ਫੌਜੀ ਟੁੱਕੜੀ ’ਤੇ ਬੰਬ ਸੁੱਟਿਆ ਗਿਆ ਜੋ ਫੱਟ ਨਹੀਂ ਸਕਿਆ ਤੇ ਸੂਬੇਦਾਰ ਰਾਮ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਹ ਬੰਬ ਉਸ ਪੁਲ ’ਤੇ ਸੁੱਟ ਕੇ ਪੁਲ ਨੂੰ ਉਡਾ ਦਿੱਤਾ ਜਿੱਥੋਂ ਪਾਕਿ ਫੌਜ ਭਾਰਤੀ ਜ਼ਮੀਨ ’ਤੇ ਅੱਗ ਵਧਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਕਾਰਨ ਕਈ ਪਾਕਿਸਤਾਨੀ ਫੌਜੀ ਵੀ ਮਾਰੇ ਗਏ ਸਨ। ਇਸ ਪਿਛੋਂ ਸੂਬੇਦਾਰ ਰਾਮ ਸਿੰਘ ਨੂੰ ਉਦੋਂ ਦੇ ਰਾਸ਼ਟਰਪਤੀ ਵੱਲੋਂ ਸੈਨਾ ਮੈਡਲ ਪ੍ਰਦਾਨ ਕੀਤਾ ਗਿਆ ਤੇ ਹੁਣ ਮੁੜ ਉਨ੍ਹਾਂ ਦੀ ਫੌਜੀ ਕੰਪਨੀ ਦੇ ਕਰਨਲ ਐੱਸਐੱਸ ਬੌਸ ਵੱਲੋਂ ਭਾਰਤ-ਪਾਕਿ ਜੰਗ ਦੀ 50ਵੀਂ ਵਰ੍ਹੇ ਗੰਢ ਮਨਾਉਂਦਿਆਂ ਸੂਬੇਦਾਰ ਦੇ ਗ੍ਰਹਿ ਦੋਰਾਹਾ ਵਿੱਚ ਇਕ ਫੌਜੀ ਅਫ਼ਸਰ ਰਾਹੀਂ ਮੈਡਲ, ਸ਼ਾਲ, ਪ੍ਰਮਾਣ ਪੱਤਰ, ਸਿਰੋਪਾਓ, ਗੁਟਕਾ ਸਾਹਿਬ ਭੇਜਿਆ ਗਿਆ। ਸੂਬੇਦਾਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਣ ਬਦਲੇ ਕੰਪਨੀ ਦਾ ਧੰਨਵਾਦ ਕੀਤਾ ਗਿਆ ਹੈ।