ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੂਨ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਲੁਟੇਰਾ ਗਰੋਹਾਂ ਦੇ ਮੈਂਬਰਾਂ ਨੂੰ ਹਥਿਆਰਾਂ ਅਤੇ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਟਿੱਬਾ ਦੇ ਥਾਣੇਦਾਰ ਜੀਵਨ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਗੋਪਾਲ ਨਗਰ ਚੌਕ ਨੇੜੇ ਗਸ਼ਤ ਕਰ ਰਹੀ ਸੀ ਤਾਂ ਪੁਲੀਸ ਨੇ ਸੁੰਦਰ ਕਲੋਨੀ ਐੱਚਪੀ ਗੈਸ ਕੰਪਨੀ ਨੇੜੇ ਆ ਰਹੇ ਨਤੇਸ਼ ਕੁਮਾਰ ਅਤੇ ਸੂਰਜ ਕੁਮਾਰ ਵਾਸੀ ਮਹਿੰਦੀ ਪੈਲੇਸ ਤਾਜਪੁਰ ਨੂੰ ਸ਼ੱਕ ਦੀ ਬਿਨਾਅ ’ਤੇ ਰੋਕਿਆ ਅਤੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਇਕ ਮੋਟਰਸਾਈਕਲ ਬਿਨਾਂ ਨੰਬਰ, 15 ਹਜ਼ਾਰ ਰੁਪਏ ਦੀ ਨਕਦੀ, ਵੱਖ-ਵੱਖ ਬੈਂਕਾਂ ਦੇ ਤਿੰਨ ਏਟੀਐੱਮ ਕਾਰਡ ਅਤੇ ਮੋਬਾਈਲ ਫੋਨ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਹੈ ਕਿ ਉਹ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਏਟੀਐੱਮ ਕਾਰਡ ਚੋਰੀ ਕਰਕੇ ਠੱਗੀਆਂ ਕਰਦੇ ਸਨ।
ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਜੁਗਿਆਣਾ ਚੁੰਗੀ ਨੇੜੇ ਇਕ ਬੇਆਬਾਦ ਕਮਰੇ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦੇ ਦੋ ਸਾਥੀ ਫਰਾਰ ਹੋ ਗਏ ਹਨ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਸੰਨੀ ਕੁਮਾਰ ਵਾਸੀ ਫੌਜੀ ਕਲੋਨੀ, (ਸ਼ੇਰਪੁਰ) ਗੁੱਡੂ ਕੁਮਾਰ ਵਾਸੀ ਮੱਕੜ ਕਲੋਨੀ ਅਤੇ ਅਭੈ ਚੌਹਾਨ ਵਾਸੀ ਸਮਰਾਟ ਕਲੋਨੀ ਨੂੰ ਕਾਬੂ ਕਰ ਲਿਆ ਹੈ, ਜਦਕਿ ਇਨ੍ਹਾਂ ਦੇ ਦੋ ਸਾਥੀ ਸੂਰਜ ਕੁਮਾਰ ਵਾਸੀ ਸਮਰਾਟ ਕਲੋਨੀ ਅਤੇ ਟੋਨਾ ਵਾਸੀ ਫੌਜੀ ਕਾਲੋਨੀ ਸ਼ੇਰਪੁਰ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਇਕ ਦੇਸੀ ਪਿਸਤੌਲ, ਲੋਹੇ ਦਾ ਦਾਤਰ, ਮੋਟਰਸਾਈਕਲ ਬਰਾਮਦ ਕੀਤਾ ਹੈ।