ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 21 ਅਕਤੂਬਰ
ਕੈਨੇਡਾ ਦਾ ਨਕਲੀ ਵੀਜ਼ਾ ਅਤੇ ਫ਼ਰਜ਼ੀ ਵਰਕ-ਪਰਮਿਟ ਲਗਵਾ ਕੇ 27 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਕੁਤਬਾ ਗੇਟ ਰਾਏਕੋਟ ਵਾਸੀ ਕਿਰਨਜੋਤ ਕੌਰ ਦੀ ਸ਼ਿਕਾਇਤ ’ਤੇ ਰਾਏਕੋਟ ਸ਼ਹਿਰੀ ਪੁਲੀਸ ਨੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਨਾਮਜ਼ਦ ਕੀਤੇ ਹਨ। ਜਾਂਚ ਅਫ਼ਸਰ ਥਾਣੇਦਾਰ ਲਖਵੀਰ ਸਿੰਘ ਅਨੁਸਾਰ ਹਰਵਿੰਦਰ ਸਿੰਘ ਉਪ ਪੁਲੀਸ ਕਪਤਾਨ (ਜਾਂਚ) ਲੁਧਿਆਣਾ (ਦਿਹਾਤੀ) ਵੱਲੋਂ ਮੁੱਢਲੀ ਜਾਂਚ ਵਿਚ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ’ਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਕੁਤਬਾ ਗੇਟ ਰਾਏਕੋਟ ਵਾਸੀ ਕਿਰਨਜੋਤ ਕੌਰ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਹਨੂੰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਨਾਨਕ ਮੁਹੱਲਾ ਰਾਏਕੋਟ, ਕਰਮਜੀਤ ਸਿੰਘ ਪੁੱਤਰ ਨਛੱਤਰ ਸਿੰਘ, ਕਰਮਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ, ਕਰਮਜੀਤ ਸਿੰਘ ਦੀ ਮਾਂ ਅਮਰਜੀਤ ਕੌਰ ਵਾਸੀ ਪਿੰਡ ਸਹੌਲੀ ਅਤੇ ਰਾਏਕੋਟ ਵਾਸੀ ਸੰਦੀਪ ਕੌਰ ਨੇ ਕੈਨੇਡਾ ਭੇਜਣ ਦੇ ਨਾਂ ’ਤੇ 27 ਲੱਖ ਰੁਪਏ ਲੈ ਕੇ ਕਿਰਨਜੋਤ ਕੌਰ ਨੂੰ ਨਕਲੀ ਵੀਜ਼ਾ ਅਤੇ ਫ਼ਰਜ਼ੀ ਵਰਕ-ਪਰਮਿਟ ਤਿਆਰ ਕਰ ਕੇ 2 ਮਾਰਚ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਜਹਾਜ਼ ਚੜ੍ਹਾਉਣ ਲਈ ਭੇਜਿਆ ਸੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਕਲੀ ਦਸਤਾਵੇਜ਼ਾਂ ਕਾਰਨ ਕਿਰਨਜੋਤ ਕੌਰ ਨੂੰ ਉਡਾਣ ਦੀ ਆਗਿਆ ਨਾ ਦਿੱਤੀ ਅਤੇ ਉਸ ਨੂੰ ਨਵੀਂ ਦਿੱਲੀ ਦੇ ਹਵਾਈ ਅੱਡਾ ਥਾਣੇ ਵਿਚ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ।