ਸਤਵਿੰਦਰ ਬਸਰਾ
ਲੁਧਿਆਣਾ, 4 ਮਈ
ਸੂਬਾ ਸਰਕਾਰ ਵੱਲੋਂ ਦਿਨੋਂ ਦਿਨ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਦੇਖਦਿਆਂ ਸੋਮਵਾਰ ਤੋਂ ਲਾਏ ਲੌਕਡਾਊਨ ਦੀਆਂ ਲੋਕਾਂ ਵੱਲੋਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿੱਚ ਭੀੜ ਘੱਟ ਹੋਣ ਦੀ ਥਾਂ ਹੋਰ ਵਧਣੀ ਸ਼ੁਰੂ ਹੋ ਗਈ ਹੈ। ਸ਼ਨਿੱਚਰਵਾਰ ਤੇ ਐਤਵਾਰ ਦੇ ਹਫਤਾਵਰੀ ਲੌਕਡਾਊਨ ਤੋਂ ਬਾਅਦ ਸੋਮਵਾਰ ਤੋਂ ਲਾਏ 15 ਮਈ ਤੱਕ ਲੌਕਡਾਊਨ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਭੀੜ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ।
ਇਸ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਕਰਿਆਨਾ, ਦਵਾਈਆਂ, ਫਲਾਂ, ਸਬਜ਼ੀ, ਮੋਬਾਇਲ ਆਦਿ ਦੀਆਂ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਫੈਸਲੇ ਤੋਂ ਵੀ ਬਹੁਤੇ ਦੁਕਾਨਦਾਰ ਦੁਚਿੱਤੀ ਵਿੱਚ ਪਏ ਹੋਏ ਹਨ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਪਹਿਲੀ ਵਾਰ ਜ਼ਰੂਰੀ ਤੇ ਗੈਰ-ਜ਼ਰੂਰੀ ਦੁਕਾਨਾਂ ਬਾਰੇ ਸੁਣਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਦੁਕਾਨਦਾਰ ਲਈ ਤਾਂ ਉਸ ਦੀ ਦੁਕਾਨ ’ਤੇ ਰੱਖਿਆ ਸਾਮਾਨ ਲੋਕਾਂ ਲਈ ਜ਼ਰੂਰੀ ਹੀ ਹੁੰਦਾ ਹੈ। ਜੇਕਰ ਸਰਕਾਰ ਨੇ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਲੌਕਡਾਊਨ ਲਗਾਉਣਾ ਹੀ ਹੈ ਤਾਂ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਛੱਡ ਕਿ ਸਾਰੀਆਂ ਹੀ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ।
ਦੂਜੇ ਪਾਸੇ ਭਾਵੇਂ ਜ਼ਰੂਰੀ ਵਸਤਾਂ ਹੀ ਖੋਲ੍ਹਣ ਦੀ ਆਗਿਆ ਹੈ ਪਰ ਕਈ ਚੰਗੇ ਰਸੂਖ਼ ਅਤੇ ਧੌਂਸ ਵਾਲੇ ਲੋਕ ਧੱਕੇ ਨਾਲ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਹਨ ਜਿਸ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਭੀੜ ਪਹਿਲਾਂ ਦੇ ਮੁਕਾਬਲੇ ਵੀ ਵਧਣੀ ਸ਼ੁਰੂ ਹੋ ਗਈ ਹੈ। ਆਏ ਦਿਨ ਸੋਸ਼ਲ ਮੀਡੀਆ ’ਤੇ ਪੂਰਾ ਲੌਕਡਾਊਨ ਲਗਾਉਣ ਦੀਆਂ ਫੈਲ ਰਹੀਆਂ ਅਫ਼ਵਾਹਾਂ ਕਾਰਨ ਵੀ ਲੋਕਾਂ ਵਿੱਚ ਡਰ ਹੈ ਜਿਸ ਕਾਰਨ ਉਨ੍ਹਾਂ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਕਰੋਨਾ ਕਾਰਨ ਪਾਬੰਦੀਆਂ ਦਾ ਘੇਰਾ ਮਿਨੀ ਲੌਕਡਾਊਨ ਤਹਿਤ ਸਖਤ ਕਰਨ ਦਾ ਕੋਈ ਅਸਰ ਨਹੀਂ ਹੋਇਆ। ਮਿੰਨੀ ਲੌਕਡਾਊਨ ਦੇ ਦੂਸਰੇ ਦਿਨ ਵੀ ਬਾਜ਼ਾਰਾਂ ’ਚ ਪੂਰੀ ਭੀੜ ਰਹੀ। ਕੁਝ ਮਾਰਗਾਂ ’ਤੇ ਅੱਜ ਮੁੜ ਭੀੜ ਜ਼ਿਆਦਾ ਹੋਣ ਕਰਕੇ ਆਵਾਜਾਈ ’ਚ ਵਿਘਨ ਪੈਣ ਤੱਕ ਦੀ ਨੌਬਤ ਆਈ ਰਹੀ। ਇੱਥੇ ਲਾਜਪਤ ਰਾਏ ਰੋਡ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ ਚੌਕ, ਕਮਲ ਚੌਕ, ਕਾਲਜ ਰੋਡ, ਅਨਾਰਕਲੀ ਬਾਜ਼ਾਰ, ਤਹਿਸੀਲ ਰੋਡ ਆਦਿ ’ਚ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਸਰਕਾਰ ਨੇ ਲੌਕਡਾਊਨ ਵਾਲੀਆਂ ਕੋਈ ਪਾਬੰਦੀਆਂ ਐਲਾਨੀਆਂ ਹਨ।