ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਅਗਸਤ
ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਅਬੋਹਰ ਬਰਾਂਚ ਦੀ ਅਖਾੜਾ ਨਹਿਰ ’ਤੇ ਹੁਣ ਜਲਦੀ ਨਵਾਂ ਪੁਲ ਬਣ ਜਾਵੇਗਾ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਦਹਾਕਿਆਂ ਬਾਅਦ ਅੰਗਰੇਜ਼ਾਂ ਵੇਲੇ ਦੇ ਡਿਗੂੰ-ਡਿਗੂੰ ਕਰਦੇ ਤੰਗ ਪੁਲ ਦੀ ਥਾਂ ਨਵੇਂ ਪੁਲ ਦੀ ਉਸਾਰੀ ਹੋਣ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਹ ਪੁਲ ਹੁਣ ਖਸਤਾ ਹਾਲ ਹੋਣ ਦੇ ਨਾਲ-ਨਾਲ ਤੰਗ ਹੋਣ ਕਾਰਨ ਅਕਸਰ ਆਵਾਜਾਈ ਜਾਮ ਹੋਣ ਦਾ ਕਾਰਨ ਬਣਦਾ ਹੈ।
ਮਿਆਦ ਲੰਘ ਜਾਣ ਅਤੇ ਚੌੜਾਈ ਘੱਟ ਹੋਣ ਕਾਰਨ ਲੋਕ ਚਿਰਾਂ ਤੋਂ ਇਹ ਪੁਲ ਨਵਾਂ ਤੇ ਚੌੜਾ ਕਰਕੇ ਬਣਾਉਣ ਦੀ ਮੰਗ ਕਰਦੇ ਆ ਰਹੇ ਸਨ। ਇਸ ਲਈ ਧਰਨੇ ਤੇ ਭੁੱਖ ਹੜਤਾਲਾਂ ਵੀ ਕੀਤੀਆਂ ਗਈਆਂ। ਨਵਾਂ ਪੁਲ ਮਾਲਵੇ ਦੇ ਸ਼ਹਿਰਾਂ ਹਠੂਰ, ਰਾਏਕੋਟ, ਮਹਿਲ ਕਲਾਂ, ਬਰਨਾਲਾ ਆਦਿ ਦੇ ਲੋਕਾਂ ਦਾ ਦੁਆਬਾ ਖੇਤਰ ਵਿੱਚ ਜਾਣ ਲਈ ਸਹਾਈ ਸਿੱਧ ਹੋਵੇਗਾ। ਵਿਧਾਇਕ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉੱਚ ਦਫ਼ਤਰਾਂ ਵਿੱਚ ਗੇੜੇ ਮਾਰ-ਮਾਰ ਕੇ ਅਖਾੜਾ ਨਹਿਰ ਉਪਰ ਵੱਡਾ ਤੇ ਚੌੜਾ ਪੁਲ ਮਨਜ਼ੂਰ ਤਾਂ ਪਹਿਲਾਂ ਹੀ ਕਰਵਾ ਲਿਆ ਗਿਆ ਸੀ, ਪਰ ਹੁਣ ਸਰਕਾਰ ਵੱਲੋਂ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ ਅਤੇ ਬਾਕੀ ਰਕਮ ਪੰਜਾਬ ਸਰਕਾਰ ਪਾਸੋਂ ਮਨਜ਼ੂਰ ਕਰਵਾਈ ਜਾਵੇਗੀ।
ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਇਸ ਪੁਲ ਦੀ ਲੰਬਾਈ 60 ਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਅਖਾੜਾ ਨਹਿਰ ਉੱਪਰ ਨਵੇਂ ਅਤੇ ਚੌੜੇ ਪੁਲ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਉਨ੍ਹਾਂ ਹਲਕੇ ਦੇ ਪਿੰਡ ਮਾਣੂੰਕੇ ਵਿੱਚ ਜਨਮ ਲਿਆ ਅਤੇ ਆਪਣਾ ਫਰਜ਼ ਸਮਝ ਕੇ ਇਲਾਕੇ ਦਾ ਬਹੁਪੱਖੀ ਵਿਕਾਸ ਕਰਵਾ ਰਹੇ ਹਨ।