ਡੀਪੀਐੱਸ ਬਤਰਾ
ਸਮਰਾਲਾ, 25 ਜਨਵਰੀ
ਹਲਕਾ ਸਮਰਾਲਾ ਅੰਦਰ ਅੱਜ ਉਸ ਵੇਲੇ ਸਾਰੇ ਸਿਆਸੀ ਸਮੀਕਰਨ ਬਦਲਦੇ ਹੋਏ ਵਿਖਾਈ ਦਿੱਤੇ, ਜਦੋਂ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦਾ ਮੁੱਖ ਦਾਅਵੇਦਾਰ ਰਿਹਾ ਟਕਸਾਲੀ ਅਕਾਲੀ ਲੋਪੋਂ ਪਰਿਵਾਰ ਵੀ ਆਪਣੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਪਾਰਟੀ ਵੱਲੋਂ ਐਲਾਨ ਗਏ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਤੁਰ ਪਿਆ ਹੈ। ਹਲਕੇ ਵਿੱਚ ਆਪਣਾ ਵੱਡਾ ਸਿਆਸੀ ਆਧਾਰ ਰੱਖਣ ਵਾਲੇ ਲੋਪੋਂ ਪਰਿਵਾਰ ਨੇ ਸਮਰਾਲਾ ਹਲਕੇ ਦੀ ਸੀਟ ’ਤੇ ਅਕਾਲੀ ਦਲ ਦੀ ਜਿੱਤ ਪੱਕੀ ਕਰਨ ਲਈ ਨਾ ਸਿਰਫ ਪਾਰਟੀ ਉਮੀਦਵਾਰ ਪਰਮਜੀਤ ਢਿੱਲੋਂ ਦੀ ਚੋਣ ਕਮਾਨ ਸੰਭਾਲ ਲਈ ਹੈ, ਬਲਕਿ ਵਿਰੋਧੀਆ ਨੂੰ ਪਛਾੜਨ ਲਈ ਅੱਗੇ ਹੋ ਕੇ ਪੂਰੀ ਤਾਕਤ ਨਾਲ ਸਿਆਸੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇਥੇ ਪਾਰਟੀ ਦਫ਼ਤਰ ਵਿੱਚ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਪਾਰਟੀ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਉਨ੍ਹਾਂ ਦੇ ਨਿਵਾਸ ’ਚ ਪਹੁੰਚ ਕੇ ਉਨ੍ਹਾਂ ਦੇ ਜਿਹੜੇ ਵੀ ਸ਼ਿਕਵੇ ਸਨ, ਉਹ ਦੂਰ ਕਰਦੇ ਹੋਏ ਸਮਰਾਲਾ ਹਲਕੇ ’ਚ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਮਰਾਲਾ ਦੀ ਸਿਆਸਤ ਦਾ ਧੁਰਾ ਮੰਨੇ ਜਾਂਦੇ ਖੀਰਨੀਆਂ ਪਰਿਵਾਰ ਵੱਲ ਇਸ਼ਾਰਾ ਕਰਦਿਆ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਛੇਤੀ ਹੀ ਉਨ੍ਹਾਂ ਦੀਆਂ ਨਾਰਾਜ਼ਗੀਆਂ ਦੂਰ ਕਰਕੇ ਉਨ੍ਹਾਂ ਨੂੰ ਵੀ ਪਾਰਟੀ ਦੀ ਜ਼ਿੰਮੇਵਾਰੀ ਸੌਂਪਣਗੇ।