ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਹਲਕਾ ਪੂਰਬੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੰਜੈ ਤਲਵਾੜ ਨੇ ਗ੍ਰੇਟਰਲ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ ਦੇ ਅਧਿਕਾਰੀਆਂ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਦੋਸ਼ ਲਗਾਏ ਹਨ ਕਿ ਚੰਡੀਗੜ੍ਹ ਰੋਡ ’ਤੇ ਗਲਾਡਾ ਅਧਿਕਾਰੀਆਂ ਨੇ ਇੱਕ ਪ੍ਰਾਈਵੇਟ ਪ੍ਰਾਪਰਟੀ ਹੋਲਡਰ ਨੂੰ ਕਰੋੜਾਂ ਦੀ ਜ਼ਮੀਨ ਦੇ ਦਿੱਤੀ ਹੈ। ਇਸ ਜ਼ਮੀਨ ਕਰਕੇ ਗਲਾਡਾ ਨੂੰ 40 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਗਲਾਡਾ ਦੇ ਉੱਚ ਅਧਿਕਾਰੀਆਂ ਨੇ ਇਸ ’ਤੇ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿੱਖੀ ਹੈ ਤੇ ਨਾਲ ਹੀ ਸਬੂਤ ਦੇ ਤੌਰ ’ਤੇ ਜ਼ਮੀਨ ਦੇ ਪੁਰਾਣੇ ਤੇ ਨਵੇਂ ਨਕਸ਼ੇ ਭੇਜੇ ਹਨ। ਲੁਧਿਆਣਾ ਵਿੱਚ ਪੱਤਰਕਾਰ ਮਿਲਣੀ ਕਰਦੇ ਹੋਏ ਵਿਧਾਇਕ ਤਲਵਾੜ ਨੇ ਦੋਸ਼ ਲਗਾਏ ਹਨ ਕਿ ਚੰਡੀਗੜ੍ਹ ਰੋਡ ’ਤੇ ਕੀਰਤੀ ਨਗਰ ਵਿੱਚ ਗਲਾਡਾ ਨੇ ਪਲਾਟ ਕੱਟੇ ਸਨ, ਇਸ ਥਾਂ ’ਤੇ 1975 ਵਿੱਚ ਨਕਸ਼ੇ ਪਾਸੇ ਕੀਤੇ ਗਏ ਸਨ, ਜਿਸ ’ਤੇ ਪਲਾਟ ਮਾਲਕਾਂ ਵੱਲੋਂ ਅੱਜ ਤੱਕ ਕੋਈ ਉਸਾਰੀ ਨਹੀਂ ਕੀਤੀ ਗਈ ਸੀ। ਹੁਣ ਗਲਾਡਾ ਦੇ ਅਧਿਕਾਰੀਆਂ ਨੇ ਪੁਰਾਣੇ ਨਕਸ਼ੇ ਬਦਲਦੇ ਹੋਏ, ਇਸ ਪਲਾਟ ਦਾ ਨਵਾਂ ਨਕਸ਼ਾ ਪਾਸ ਕਰ ਦਿੱਤਾ ਹੈ। ਇਸ ਦੇ ਤਹਿਤ ਗਲਾਡਾ ਅਧਿਕਾਰੀਆਂ ਨੇ ਪਲਾਟਾਂ ਅੱਗੇ ਹੋਰ ਮੰਤਵ ਦੇ ਲਈ ਖਾਲੀ ਛੱਡੀ ਹੋਈ ਥਾਂ ਨੂੰ ਪਾਰਕਿੰਗ ਵਿੱਚ ਬਦਲ ਦਿੱਤਾ ਹੈ, ਨਾਲ ਹੀ ਪੁਰਾਣੇ ਨਕਸ਼ੇ ਬਦਲ ਪਲਾਟ ਦੇ ਨਵੇਂ ਨਕਸ਼ੇ ਪਾਸ ਕਰ ਦਿੱਤੇ ਹਨ। ਪਲਾਟਾਂ ਅੱਗੇ ਖਾਲੀ ਪਾਰਕਿੰਗ ਛੱਡ ਦਿੱਤੀ ਗਈ ਹੈ। ਚੰਡੀਗੜ੍ਹ ਮੇਨ ਰੋਡ ਵਾਲੇ ਪਾਸੇ 1100 ਗਜ਼ ਦੇ ਪਲਾਟ ਨੂੰ ਪ੍ਰਾਪਰਟੀ ਡੀਲਰਾਂ ਨੂੰ ਫਾਇਦਾ ਦੇਣ ਲਈ ਪਾਰਕਿੰਗ ਬਣਾ ਦਿੱਤਾ ਗਿਆ ਹੈ, ਜਿਸਦੀ ਮੌਜੂਦਾ ਕੀਮਤ 22 ਕਰੋੜ ਰੁਪਏ ਹੈ। ਉਸ ਪਲਾਟਾਂ ਨੂੰ ਚੋਰਸ ਕਰ ਕੇ ਗਲਾਡਾ ਨੇ 20 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਧਾਇਕ ਸਨ, ਉਦੋਂ ਵੀ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਕੀਤੀ ਸੀ, ਉਦੋਂ ਉਨ੍ਹਾਂ ਨੇ ਗਲਾਡਾ ਅਧਿਕਾਰੀਆਂ ਨੂੰ ਇਹ ਸਭ ਕੁੱਝ ਨਹੀਂ ਕਰਨ ਦਿੱਤਾ।