ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਉੱਚ ਅਧਿਕਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਇਨ੍ਹਾਂ ਨੂੰ ਜਲਦੀ ਭਰਨ ਦੀ ਮੰਗ ਕੀਤੀ ਗਈ। ਇਹ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਬੰਧੀ ਮੀਤ ਪ੍ਰਧਾਨ ਜਸਵੰਤ ਜੀਰਖ ਨੇ ਕਿਹਾ ਕਿ ਪੀਏਯੂ ਦਾ ਖੇਤੀ ਖੋਜਾਂ ਅਤੇ ਹੋਰ ਖੇਤਰਾਂ ਵਿੱਚ ਆਪਣਾ ਮਾਣਮੱਤਾ ਇਤਿਹਾਸ ਰਿਹਾ ਹੈ। ਹਰੀ ਕ੍ਰਾਂਤੀ ਵਿੱਚ ਇਸ ਦਾ ਵਡਮੁੱਲਾ ਯੋਗਦਾਨ ਸੀ ਪਰ ਅਫਸੋਸ ਪਿਛਲੇ ਕੁਝ ਸਾਲਾਂ ਤੋਂ ਇਹ ਯੂਨੀਵਰਸਿਟੀ ਸੂਬਾ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਣ ਲੱਗੀ ਹੈ। ਯੂਨੀਵਰਸਿਟੀ ਦੇ ਕਈ ਪ੍ਰਬੰਧਕੀ ਅਹੁਦੇ ਖਾਲੀ ਪਏ ਹਨ ਜਿਸ ਕਰਕੇ ਮੁਲਾਜ਼ਮਾਂ ਅਤੇ ਸਾਬਕਾ ਮੁਲਾਜ਼ਮਾਂ ਦੇ ਕਈ ਕੰਮ ਰੁਕੇ ਹੋਏ ਹਨ। ਹੋਰ ਤਾਂ ਹੋਰ ਯੂਨੀਵਰਸਿਟੀ ਨੂੰ ਕਰੀਬ ਦੋ ਸਾਲਾਂ ਤੋਂ ਕੋਈ ਪੱਕਾ ਉਪ ਕੁਲਪਤੀ ਨਹੀਂ ਮਿਲਿਆ। ਸਿਰਫ ਪ੍ਰਸਾਸ਼ਕੀ ਅਧਿਕਾਰੀਆਂ ਨੂੰ ਹੀ ਵਾਧੂ ਚਾਰਜ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਪ ਕੁਲਪਤੀ ਤੋਂ ਇਲਾਵਾ ਨਿਰਦੇਸ਼ਕ ਖੋਜ, ਰਜਿਸਟਰਾਰ, ਕੰਪਟਰੋਲਰ ਦੇ ਵੀ ਪਦ ਖਾਲੀ ਹਨ ਜਿਸ ਕਰਕੇ ਪੈਨਸ਼ਨਰਾਂ ਦੇ ਵੱਡੀ ਗਿਣਤੀ ਬਿੱਲ ਬਕਾਇਆ ਪਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਹਾਲੇ ਵੀ ਮੌਜੂਦਾ ਸਰਕਾਰ ਨੇ ਇਸ ਪਾਸੇ ਕੋਈ ਪੁਖਤਾ ਕਦਮ ਨਾ ਚੁੱਕੇ ਤਾਂ ਯੂਨੀਵਰਸਿਟੀ ਦੇ ਖੋਜ ਕਾਰਜਾਂ ਵਿੱਚ ਖੜ੍ਹੋਤ ਆਉਣ ਦੀ ਸੰਭਾਵਨਾ ਬਣ ਸਕਦੀ ਹੈ।