ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜੂਨ
ਪੀਏਯੂ ਦੇ ਕਾਲਜ ਆਫ ਵੈਟਰਨਰੀ ਸਾਇੰਸਿਜ਼ ਵਿੱਚੋਂ ਦੋ ਦਹਾਕੇ ਪਹਿਲਾਂ ਪੜ੍ਹ ਕੇ ਅਮਰੀਕਾ ਵੱਸੇ ਪੰਜਾਬੀ ਕਵੀ ਡਾ. ਬਿਕਰਮ ਸੋਹੀ ਦੀ ਕਾਵਿ ਪੁਸਤਕ ‘ਸਰਦਲਾਂ’ ਯੂਨੀਵਰਸਿਟੀ ਵਿੱਚ ਲੋਕ ਅਰਪਣ ਕੀਤੀ ਗਈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਕਿ ਡਾ. ਸੋਹੀ ਨੇ ਇਸ ਕਾਵਿ ਸੰਗ੍ਰਹਿ ਰਾਹੀਂ ਵਿਗਿਆਨਕ ਸੋਚ ਧਾਰਾ ਦੇ ਨਾਲ ਸਿਰਜਣਾਤਮਕ ਅਮਲ ਨੂੰ ਵੀ ਨਵੇਂ ਮੁਹਾਵਰੇ ਸੰਗ ਪੇਸ਼ ਕੀਤਾ ਹੈ। ਉਸ ਕੋਲ ਵਿਸ਼ਵ ਦ੍ਰਿਸ਼ਟੀ ਦੇ ਨਾਲ-ਨਾਲ ਧਰਤੀ ਦੇ ਸੁਖ-ਦੁਖ ਨਾਲ ਸਾਂਝ ਪੁਗਾਉਣ ਦਾ ਸ਼ਬਦ ਭੰਡਾਰ ਵੀ ਹੈ। ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ, ‘‘ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਵੈਟਰਨਰੀ ਡਾਕਟਰ ਵਜੋਂ ਸੇਵਾ ਨਿਭਾਅ ਰਹੇ ਡਾ. ਸੋਹੀ ਨੇ ਕਾਵਿ ਸਿਰਜਣਾ ਦਾ ਆਰੰਭ ਬਿੰਦੂ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਹੈ। ਬਿਕਰਮ ਦੀ ਕਵਿਤਾ ਪੜ੍ਹਦਿਆਂ ਮੈਨੂੰ ਇੰਜ ਲੱਗਿਆ ਹੈ ਜਿਵੇਂ ਉਹ ਮਨੁੱਖੀ ਮਨ ਦੇ ਅੰਦਰੂਨੀ ਤੇ ਬਾਹਰਲੇ ਬੰਧਨ ਤੋੜਨ ਲਈ ਯਤਨਸ਼ੀਲ ਹੈ। ਉਸ ਕੋਲ ਦ੍ਰਿਸ਼ਟੀ ਵੀ ਹੈ ਤੇ ਦ੍ਰਿਸ਼ਟੀਕੋਨ ਵੀ। ਡਾ. ਜਗਵਿੰਦਰ ਜੋਧਾ ਨੇ ਬਾਹਰੋਂ ਆਏ ਲੇਖਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਕਣ-ਕਣ ਵਿੱਚ ਡਾ. ਐੱਮ.ਐੱਸ. ਰੰਧਾਵਾ, ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਸੁਰਜੀਤ ਪਾਤਰ ਤੇ ਹੋਰ ਕਈ ਅਧਿਆਪਕ ਲੇਖਕਾਂ ਦੀਆਂ ਪੈੜਾਂ ਦੇ ਨਿਸ਼ਾਨ ਹਨ। ਮੈਂ ਤੇ ਮੇਰੇ ਸਾਥੀ ਉਸ ਵਿਰਾਸਤ ਦੀ ਰੋਸ਼ਨੀ ਵਿੱਚ ਵਰਤਮਾਨ ਦੇ ਨਕਸ਼ ਸੰਵਾਰਨ ਵਿੱਚ ਲੱਗੇ ਹੋਏ ਹਾਂ। ਸਾਡੇ ਸਮੂਹ ਪਰਿਵਾਰ ਵੱਲੋਂ ਡਾ. ਬਿਕਰਮ ਸੋਹੀ ਦੀ ਕਾਵਿ ਪੁਸਤਕ ‘ਸਰਦਲਾਂ’ ਦਾ ਸਵਾਗਤ ਹੈ।’’ ਪੰਜਾਬੀ ਕਵੀ ਬਲਵਿੰਦਰ ਸੰਧੂ, ਤ੍ਰੈਲੋਚਨ ਲੋਚੀ ਤੇ ਸੁਰਿੰਦਰਜੀਤ ਚੌਹਾਨ ਨੇ ਵੀ ਡਾ. ਸੋਹੀ ਨੂੰ ਮੁਬਾਰਕ ਦਿੱਤੀ। ਪੁਸਤਕ ਨਾਨਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।