ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਨਵੰਬਰ
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੀ ਸਹਿਯੋਗੀ ਸੰਸਥਾ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਲਡੀਸੀਏ) ਦੀਆਂ ਚੋਣਾਂ ਵਿੱਚ ਬਿਨਾਂ ਮੁਕਾਬਲੇ ਸਾਬਕਾ ਰਣਜੀ ਖਿਡਾਰੀ ਸਤੀਸ਼ ਕੁਮਾਰ ਮੰਗਲ ਪ੍ਰਧਾਨ ਅਤੇ ਰਾਕੇਸ਼ ਸੈਣੀ ਸੀਨੀਅਰ ਉਪ-ਪ੍ਰਧਾਨ ਚੁਣੇ ਗਏ। ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਇਹ ਚੋਣਾਂ 17 ਸਾਲ ਬਾਅਦ 8 ਨਵੰਬਰ ਨੂੰ ਹੋਣੀਆਂ ਸਨ। ਸੀਨੀਅਰ ਉਪ-ਪ੍ਰਧਾਨ ਦੇ ਅਹੁਦੇ ਲਈ ਅਜੈ ਆਰ ਜੈਨ, ਰਾਕੇਸ਼ ਸੈਣੀ, ਸੁਰੇਸ਼ ਕਟਿਆਲ ਅਤੇ ਕੇਸ਼ਵ ਰਾਏ ਚੁਣੇ ਗਏ । ਉਪ ਪ੍ਰਧਾਨ ਦੇ ਅਹੁਦੇ ਲਈ ਸੁਰਿੰਦਰਪਾਲ ਸਿੰਘ, ਨਰੇਸ਼ ਮਰਵਾਹਾ, ਚਰਨਜੀਤ ਸਿੰਘ, ਗਿਰੀਸ਼ ਧੀਰ, ਕੁਸ਼ਮ ਪਰਮੋਦ ਅਤੇ ਅਸ਼ੋਕ ਸਿੱਕਾ, ਜਦਕਿ ਹਰਿੰਦਰ ਬੀਰ ਸਿੰਘ, ਡਾ: ਇਕਬਾਲ ਸਿੰਘ ਆਹੂਜਾ, ਜਸਿੰਦਰ ਪਾਲ ਸਿੰਘ ਅਤੇ ਰੌਸ਼ਨ ਲਾਲ ਚੋਪੜਾ ਐਸੋਸੀਏਟਿਡ ਉਪ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਅਨੁਪਮ ਕੁਮਾਰੀਆ ਨੂੰ ਆਨਰੇਰੀ ਜਨਰਲ ਸਕੱਤਰ ਅਤੇ ਮਾਨਿਕ ਬੱਸੀ ਨੂੰ ਆਨਰੇਰੀ ਖਜ਼ਾਨਚੀ ਨਿਯੁਕਤ ਕੀਤਾ ਗਿਆ। ਪੰਜਾਬ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਾਬਕਾ ਕ੍ਰਿਕਟਰ ਸਤੀਸ਼ ਕੁਮਾਰ ਮੰਗਲ ਅਤੇ ਰਾਕੇਸ਼ ਸੈਣੀ ਕ੍ਰਮਵਾਰ ਪ੍ਰਧਾਨ ਅਤੇ ਸੀਨੀਅਰ ਉਪ-ਪ੍ਰਧਾਨ ਦੇ ਅਹੁਦਿਆਂ ਲਈ ਚੁਣੇ ਗਏ ਹਨ। ਇਸ ਮੁਕਾਬਲੇ ਲਈ ਨਿਗਰਾਨ ਸਿੱਕਮ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਪਰਮੋਦ ਕੋਹਲੀ ਨਿਯੁਕਤ ਕੀਤੇ ਗਏ ਸਨ। ਸ੍ਰੀ ਮੰਗਲ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ।