ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਗਸਤ
ਸਨਅਤੀ ਸ਼ਹਿਰ ਵਿੱਚ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਲਾਰਡ ਮਹਾਵੀਰ ਸਿਵਲ ਹਸਪਤਾਲ ਵਿੱਚ ਮੌਜੂਦਾ ਜੱਚਾ-ਬੱਚਾ ਹਸਪਤਾਲ ਨੂੰ 100 ਤੋਂ 200 ਬੈੱਡ ਤੱਕ ਅਪਗ੍ਰੇਡ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਨਵੀਨੀਕਰਨ ਦਾ ਕੰਮ ਅਗਲੇ 15 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਸੂਬਾ ਸਰਕਾਰ ਵੱਲੋਂ 15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਜੱਚਾ-ਬੱਚਾ ਹਸਪਤਾਲ ਦੀ ਦੋ ਮੰਜ਼ਲਾਂ ਇਮਾਰਤ ਵਿੱਚ ਛੇ ਬਲਾਕ ਹੋਣਗੇ ਅਤੇ ਇਸ ਵਿੱਚ ਆਪ੍ਰੇਸ਼ਨ ਥੀਏਟਰ, ਆਈਸੋਲੇਸ਼ਨ ਵਾਰਡ, ਅਲਟਰਾ ਸਾਊਂਡ ਰੂਮ, ਪ੍ਰਾਈਵੇਟ ਕਮਰੇ, ਗਾਇਨੀਕੋਲੋਜੀ ਅਤੇ ਪੀਡੀਆਟ੍ਰਿਕਸ ਲਈ ਵੱਖਰੀ ਓਪੀਡੀ, ਜਨਰਲ ਵਾਰਡ, ਡਾਕਟਰਾਂ, ਸਟਾਫ ਨਰਸਾਂ ਲਈ ਦਫ਼ਤਰ ਅਤੇ ਕਮਰੇ, ਵੱਖਰੇ ਬਾਥਰੂਮ, ਇੱਕ ਕੰਟੀਨ ਅਤੇ ਉਡੀਕ ਖੇਤਰ ਦੀਆਂ ਸੁਵਿਧਾਵਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇੱਕ ਵਾਰ ਮੁਕੰਮਲ ਹੋਣ ਤੋਂ ਬਾਅਦ ਇਹ ਨਵਾਂ ਬਲਾਕ ਇਥੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਕ ਸਿੱਧ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਸੇਵਾਵਾਂ ਨੂੰ ਅਪਗ੍ਰੇਡ ਕਰਨ ਦੀ ਤੁਰੰਤ ਲੋੜ ਸੀ ਅਤੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਦੀ ਨਿਯਮਿਤ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ੇ। ਇਸ ਉਪਰੰਤ ਉਨ੍ਹਾਂ ਹਸਪਤਾਲ ਵਿੱਚ ਨਵੇਂ ਸਥਾਪਤ ਪੀਐੱਸਏ ਆਕਸੀਜਨ ਪਲਾਂਟ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਲਈ ਪੀਡੀਆਟ੍ਰਿਕਸ ਆਈਸੀਯੂ ਦਾ ਉਦਘਾਟਨ ਕੀਤਾ।