ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਪਰੈਲ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਸੱਟਾ ਲਗਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ-2 ਦੇ ਹੌਲਦਾਰ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਟੀ-ਪੁਆਇੰਟ ਲੇਬਰ ਕੱਟ ਕੋਲ ਮੌਜੂਦ ਸੀ ਤਾਂ ਸੂਚਨਾ ਮਿਲਣ ’ਤੇ ਪੁਲੀਸ ਨੇ ਜਨਕਪੁਰੀ ਗਲੀ ਨੰਬਰ 12 ਨੇੜੇ ਛਾਪਾ ਮਾਰ ਕੇ ਹਰਪ੍ਰੀਤ ਸਿੰਘ ਵਾਸੀ ਚੀਮਾ ਕਲੋਨੀ ਨੂੰ ਸੱਟਾ ਲਗਾਉਂਦੇ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 1200 ਰੁਪਏ, ਕਾਪੀ, ਗੱਤਾ ਤੇ ਪੈੱਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣੇਦਾਰ ਭਜਨ ਲਾਲ ਦੀ ਅਗਵਾਈ ਹੇਠਲੀ ਪੁਲੀਸ ਨੇ ਵਿਸ਼ਾਲ ਕੁਮਾਰ ਵਾਸੀ ਹਰਗੋਬਿੰਦ ਨਗਰ ਅਤੇ ਗੁਰਸੇਵਕ ਸਿੰਘ ਵਾਸੀ ਅਰਜਨ ਦੇਵ ਨਗਰ ਨੂੰ ਸ਼ਨੀ ਮੰਦਰ ਮੁਹੱਲਾ ਅਮਰਪੁਰਾ ਨੇੜੇ ਦੜਾ ਸੱਟਾ ਲਗਾਉਂਦਿਆਂ ਕਾਬੂ ਕਰਕੇ 6 ਹਜ਼ਾਰ ਰੁਪਏ ਦੀ ਨਕਦੀ, ਕਾਪੀ, ਗੱਤਾ ਅਤੇ ਪੈੱਨ ਬਰਾਮਦ ਕੀਤਾ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਅਧਿਕਾਰੀ ਸੋਮ ਨਾਥ ਦੀ ਅਗਵਾਈ ਹੇਠਲੀ ਪੁਲੀਸ ਨੇ ਮੁਹੰਮਦ ਮੁਖਤਾਰ ਵਾਸੀ ਰਵੀਦਾਸ ਮੰਦਰ ਮੰਨਾ ਸਿੰਘ ਨਗਰ ਨੂੰ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਸ ਕੋਲੋਂ 2580 ਰੁਪਏ ਬਰਾਮਦ ਕੀਤੇ ਹਨ। ਪੁਲੀਸ ਵਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।