ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਨਵੰਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਜਲੰਧਰ ਬਾਈਪਾਸ ਕੋਲ ਆਟੋ ਦੀ ਉਡੀਕ ਕਰ ਰਹੀ ਸੰਦੀਪ ਕੌਰ ਵਾਸੀ ਪਿੰਡ ਸਾਹਿਬਪੁਰਾ ਦਾ ਮੋਬਾਈਲ ਫ਼ੋਨ ਖੋਹਣ ਦੇ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਟਾਈਗਰ ਸਫਾਰੀ ਨੇੜੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਵੱਖ-ਵੱਖ ਕੰਪਨੀਆਂ ਦੇ 10 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਅਮਨ ਨਗਰ ਮੁਹੱਲਾ ਭੱਟੀਆਂ, ਰਾਹੁਲ ਸ਼ਰਮਾ ਉਰਫ਼ ਧਰਮਿੰਦਰ, ਨਿਤਿਨ ਸ਼ਰਮਾ ਉਰਫ਼ ਬਾਬੂ ਅਤੇ ਵਿਪਨ ਕੁਮਾਰ ਵਾਸੀ ਬਾਜ਼ੀਗਰ ਮੁਹੱਲਾ ਮੇਹਰਬਾਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਇੰਸਪੈਕਟਰ ਬਿਟਨ ਕੁਮਾਰ ਨੇ ਦੱਸਿਆ ਕਿ ਸੰਦੀਪ ਕੌਰ ਬੀਤੇ ਦਿਨੀ ਵਿਆਹ ਸਮਾਗਮ ’ਚੋਂ ਨਿਕਲ ਕੇ ਘਰ ਜਾਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਮੋਬਾਈਲ ਫੋਨ ਲੁੱਟ ਲਿਆ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਹੁਣ ਵੀ ਮੁਲਜ਼ਮ ਸਾਈਕਲ ਚਲਾ ਕੇ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਹੇ ਸਨ। ਜਿਸ ਤੋਂ ਬਾਅਦ ਟਾਈਗਰ ਸਫਾਰੀ ਨੇੜਿਓਂ ਨਾਕਾਬੰਦੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਅਨੁਸਾਰ ਸਾਰੇ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਕਈ ਵਾਰਦਾਤਾਂ ਕਰ ਚੁੱਕੇ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਬਾਈਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਹਥਿਆਰ ਦਿਖਾ ਕੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਚਾਰ ਕਾਬੂ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਹਥਿਆਰਾਂ ਦੇ ਜ਼ੋਰ ’ਤੇ ਰਾਹਗੀਰਾਂ ਨੂੰ ਲੁੱਟਣ ਦੇ ਦੋਸ਼ ਹੇਠ ਇੱਕ ਔਰਤ ਸਣੇ ਚਾਰ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਜਿਸ ਦੀ ਵਰਤੋਂ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਕਰਦੇ ਸਨ। ਲੁੱਟ-ਖੋਹ ਮਗਰੋਂ ਸਾਰਾ ਸਾਮਾਨ ਮੁਲਜ਼ਮ ਔਰਤ ਅੱਗੇ ਵੇਚਿਆ ਕਰਦੀ ਸੀ। ਇਸ ਮਾਮਲੇ ’ਚ ਮੁਹੱਲਾ ਨਿਊ ਵਿਸ਼ਵਕਰਮਾ ਨਗਰ ਦੇ ਰਹਿਣ ਵਾਲੇ ਤੁਸ਼ਫਾਕ ਖਾਨ ਦੀ ਸ਼ਿਕਾਇਤ ’ਤੇ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਵਿਸ਼ਾਲ ਕੁਮਾਰ ਵਾਸੀ ਨਿਊ ਵਿਜੈ ਨਗਰ ਤਾਜਪੁਰ ਰੋਡ, ਉਸ ਦੀ ਪਤਨੀ ਮਮਤਾ ਦੇਵੀ, ਅਭਿਮਨਿਊ ਸਿੰਘ ਵਾਸੀ ਰਣਜੀਤ ਨੂੰ ਨਗਰ ਸ਼ੇਰਪੁਰ ਕਲਾਂ ਤੇ ਈਡਬਲਿਊਐਸ ਵਾਸੀ ਤਾਜਪੁਰ ਰੋਡ ਕਲੋਨੀ ਵਾਸੀ ਸੂਰਜ ਰਾਵਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।