ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਨਵੰਬਰ
ਜਵੱਦੀ ਟਕਸਾਲ ਵਿੱਚ 30 ਨਵੰਬਰ ਤੋਂ 1 ਦਸੰਬਰ 2024 ਤੱਕ ਚੱਲਣ ਵਾਲੇ ਚਾਰ ਰੋਜ਼ਾ 33ਵੇਂ ਗੁਰਮਤਿ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਅੱਜ ਇੱਥੇ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਉਚਾਰੀ ਇਲਾਹੀ ਬਾਣੀ ਨੂੰ ਗਾਇਨ ਕਰਨ ਦੀ ਕੀਰਤਨ ਸ਼ੈਲੀ ਸਾਨੂੰ ਪਰਮਾਤਮਾ ਦੀ ਬੰਦਗੀ ਨਾਲ ਜੁੜ ਕੇ ਆਪਣੇ ਅੰਦਰ ਰੂਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਸੰਗੀਤ ਦੀ ਪ੍ਰਫੁੱਲਤਾ ਲਈ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਸੁੱਚਾ ਸਿੰਘ ਵੱਲੋਂ ਆਰੰਭੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਤਹਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਗੁਰੂ ਅਮਰਦਾਸ ਦੇ 450 ਸਾਲਾ ਜੋਤੀ ਜੋਤਿ ਦਿਵਸ ਅਤੇ ਗੁਰੂ ਰਾਮਦਾਸ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਤ ਅਮੀਰ ਸਿੰਘ ਨੇ ਦੱਸਿਆ ਕਿ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ 28 ਨਵੰਬਰ ਦੀ ਸ਼ਾਮ ਨੂੰ ਹੋਵੇਗੀ ਜਿਸ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀ ਕੀਰਤਨ ਕਰਨਗੇ।