ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਮਈ
ਯੂਨਾਈਟਡ ਸਿੱਖਸ ਸੰਸਥਾ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਐਂਬੂਲੈਂਸ ਦੀ ਨਿਸ਼ਕਾਮ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ‘ਯੂਨਾਈਟਡ ਸਿੱਖਸ ਪੰਜਾਬ’ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਮਾਡਲ ਗ੍ਰਾਮ ਵਿੱੱਚ ਇਸ ਦੀ ਸ਼ੁਰੂਆਤ ਮੌਕੇ ਦੱਸਿਆ ਕਿ ਇਹ ਐਂਬੂਲੈਂਸ ਸੇਵਾ ਲੁਧਿਆਣਾ ਵਾਸੀਆਂ ਲਈ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਮਰੀਜ਼ ਨੂੰ ਘਰ ਤੋਂ ਹਸਪਤਾਲ ਜਾਂ ਹਸਪਤਾਲ ਤੋਂ ਵਾਪਸ ਘਰ ਪਹੁੰਚਾਉਣ ਵਾਸਤੇ ਇਸ ਐਂਬੂਲੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੈ। ਅਮਰੀਕਾ ਦੇ ਡਾਇਰੈਕਟਰ ਅਮਿਤ ਕੁਮਾਰ, ਦਫ਼ਤਰ ਇੰਚਾਰਜ ਭੁਪਿੰਦਰ ਸਿੰਘ ਮੱਕੜ, ਬਲਬੀਰ ਸਿੰਘ ਕੋਚਰ ਮਾਰਕੀਟ ਅਤੇ ਹਰਜੀਤ ਸਿੰਘ ਅਨੰਦ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਹ ਸੇਵਾ ਲੁਧਿਆਣਾ ਵਿੱਚ ਸ਼ੁਰੂ ਕੀਤੀ ਗਈ ਹੈ ਜਦਕਿ ਇਸਦਾ ਜਲਦੀ ਹੀ ਵਿਸਥਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਐਂਬੂਲੈਂਸ ਦੀ ਵਰਤੋਂ ਲਈ ਮੋਬਾਈਲ ਨੰਬਰ 97806-00108 ਜਾਰੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਬਜੀਤ ਸਿੰਘ ਬੱਟੂ, ਚਰਨਜੀਤ ਸਿੰਘ ਚੰਨੀ, ਸਰਬਜੀਤ ਸਿੰਘ ਕੜਵਲ, ਮਹਿਕ ਪ੍ਰੀਤ ਸਿੰਘ, ਸੁਖਵੰਤ ਸਿੰਘ ਨਾਗੀ ਤੇ ਇਲਾਕਾ ਵਾਸੀ ਹਾਜ਼ਰ ਸਨ।