ਪੱਤਰ ਪ੍ਰੇਰਕ
ਸਮਰਾਲਾ, 22 ਅਪਰੈਲ
ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਐਲਾਨ ਨੇ ਕਈ ਨਵੇਂ ਪੁਆੜੇ ਖੜ੍ਹੇ ਕਰ ਦਿੱਤੇ ਹਨ। ਕੈਪਟਨ ਸਰਕਾਰ ਵੱਲੋਂ ਮੁਫ਼ਤ ਸਫ਼ਰ ਦਾ ਐਲਾਨ ਹੁਣ ਔਰਤਾਂ ਲਈ ਕਥਿਤ ਜਲਾਲਤ ਭਰਿਆ ਫ਼ੈਸਲਾ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।
ਅੱਜ ਸਮਰਾਲਾ ਬੱਸ ਅੱਡੇ ’ਤੇ ਤਾਂ ਉਸ ਵੇਲੇ ਹੱਦ ਹੀ ਹੋ ਗਈ ਜਦੋਂ ਬੱਸ ਚੜ੍ਹਨ ਲਈ ਖੜ੍ਹੀਆਂ ਔਰਤਾਂ ਨੂੰ ਵੇਖ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜ ਸਰਕਾਰੀ ਬੱਸਾਂ ਨੂੰ ਉਨ੍ਹਾਂ ਦੇ ਚਾਲਕ ਉਥੇ ਰੋਕੇੇ ਬਿਨਾਂ ਹੀ ਭਜਾ ਕੇ ਲੈ ਗਏ। ਜਦੋਂ ਕਾਫੀ ਦੇਰ ਤੱਕ ਔਰਤਾਂ ਨੂੰ ਖੜ੍ਹੀਆਂ ਵੇਖ ਕੋਈ ਵੀ ਸਰਕਾਰੀ ਬੱਸ ਅੱਡੇ ਉੱਤੇ ਨਾ ਰੁਕੀ ਤਾਂ ਬੱਸ ਚੜ੍ਹਨ ਲਈ ਖੜ੍ਹੀਆਂ ਔਰਤਾਂ ਖ਼ਫ਼ਾ ਹੋ ਗਈਆਂ। ਇਸੇ ਦੌਰਾਨ ਇੱਕ ਹੋਰ ਸਰਕਾਰੀ ਬੱਸ ਆਉਂਦੀ ਵਿਖਾਈ ਦੇਣ ’ਤੇ ਇੱਕਠੀਆਂ ਹੋਈਆਂ ਇਹ ਔਰਤਾਂ ਰੋਸ ਵਜੋਂ ਸੜਕ ਵਿਚਕਾਰ ਬੈਠ ਗਈਆਂ ਅਤੇ ਸਰਕਾਰੀ ਬੱਸ ਨੂੰ ਰੋਕ ਲਿਆ। ਪਰ ਜਦੋਂ ਇਹ ਔਰਤਾਂ ਬੱਸ ਵਿੱਚ ਚੜ੍ਹਨ ਲੱਗੀਆਂ ਤਾਂ ਕੰਡਕਟਰ ਵੱਲੋਂ ਕਰੋਨਾ ਦਾ ਬਹਾਨਾ ਮਾਰਦੇ ਹੋਏ ਬੱਸ ਵਿੱਚ ਅੱਧੀਆਂ ਹੀ ਸਵਾਰੀਆਂ ਬਿਠਾਉਣ ਦਾ ਹੁਕਮ ਹੋਣ ਕਾਰਨ ਉਨ੍ਹਾਂ ਔਰਤਾਂ ਨੂੰ ਚੜ੍ਹਾਉਣ ਤੋਂ ਮਨ੍ਹਾਂ ਕਰ ਦਿੱਤਾ, ਜਿਸ ਕਾਰਨ ਉੱਥੇ ਹੰਗਾਮਾ ਹੋ ਗਿਆ। ਉਕਤ ਔਰਤਾਂ ਨੇ ਰੋਹ ਵਿੱਚ ਆ ਕੇ ਨਾਅਰੇਬਾਜੀ ਕਰਦੇ ਹੋਏ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਕਈ ਸਰਕਾਰੀ ਬੱਸਾਂ ਉਨ੍ਹਾਂ ਨੂੰ ਵੇਖ ਕੇ ਬਿਨਾਂ ਰੁਕੇ ਲੰਘ ਗਈਆਂ ਅਤੇ ਜਦੋਂ ਹੁਣ ਉਨ੍ਹਾਂ ਨੇ ਹਿੰਮਤ ਨਾਲ ਘੇਰ ਇੱਕ ਬੱਸ ਰੋਕੀ ਤਾਂ ਉਨਾਂ ਨੂੰ ਕਰੋਨਾ ਦੀ ਆੜ ’ਚ ਬੱਸ ਵਿੱਚ ਬਿਠਾਉਣ ਤੋਂ ਹੀ ਮਨ੍ਹਾ ਕਰ ਦਿੱਤਾ ਗਿਆ। ਔਰਤਾਂ ਨੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਸਾਹਮਣੇ ਕਈ ਪ੍ਰਾਈਵੇਟ ਬੱਸਾਂ ਖਚਾਖਚ ਭਰ ਕੇ ਲੰਘੀਆਂ ਹਨ, ਪਰ ਚੌਕ ਵਿੱਚ ਹੀ ਖੜ੍ਹੀ ਪੁਲੀਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਕਾਫੀ ਦੇਰ ਹੰਗਾਮੇ ਮਗਰੋਂ ਉਨ੍ਹਾਂ ਔਰਤਾਂ ਨੂੰ ਲੈ ਕੇ ਹੀ ਇਹ ਬੱਸ ਅੱਗੇ ਰਵਾਨਾ ਹੋ ਸਕੀ।