ਚੌਕੀਮਾਨ ਟੌਲ ਪਲਾਜ਼ਾ ’ਤੇ ਔਰਤਾਂ ਵੱਲੋਂ ਭਰਵੀਂ ਸ਼ਮੂਲੀਅਤ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ ): ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਭਾਰਤ ਬੰਦ’ ਦੇ ਦਿੱਤੇ ਸੱਦੇ ਤਹਿਤ ਅੱਜ ਚੌਕੀਮਾਨ ਟੌਲ ’ਤੇ ਆਪ-ਮੁਹਾਰਾ ਇਕੱਠ ਹੋਇਆ। ਧਰਨੇ ’ਚ ਰਿਕਾਰਡ ਗਿਣਤੀ ’ਚ ਕਿਸਾਨਾਂ, ਖਾਸਕਰ ਔਰਤਾਂ ਦੇ ਪੁੱਜਣ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸਮੇਂ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਸਿਆਸੀ ਧਿਰਾਂ ਨੇ ਵੀ ਇਸ ਬੰਦ ਨੂੰ ਹਮਾਇਤ ਦਿੱਤੀ ਹੋਈ ਸੀ। ‘ਆਪ’ ਵੱਲੋਂ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਵੀ ਇਸ ਧਰਨੇ ’ਚ ਸ਼ਾਮਲ ਸਨ। ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ 10 ਘੰਟੇ ਕੌਮੀ ਸ਼ਾਹਰਾਹ ਮੁਕੰਮਲ ਰੂਪ ’ਚ ਬੰਦ ਰਿਹਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਧਰਨਾ ਦਿੱਤਾ। ਮੋਰਚੇ ਦੇ ਆਦੇਸ਼ਾਂ ਅਨੁਸਾਰ ਸਿਰਫ਼ ਐਂਬੂਲੈਂਸ ਜਾਂ ਮਰੀਜ਼ਾਂ ਵਾਲੀਆਂ ਹੋਰ ਗੱਡੀਆਂ ਨੂੰ ਹੀ ਫੌਰੀ ਤੌਰ ’ਤੇ ਲੰਘਣ ਦੀ ਇਜਾਜ਼ਤ ਦਿੱਤੀ ਗਈ। ਬੀਬੀ ਕੁਲਦੀਪ ਕੌਰ, ਜਰਨੈਲ ਸਿੰਘ ਤੇ ਸੰਦੀਪ ਸਿੰਘ ਲਲਤੋਂ ਕਲਾਂ ਦੇ ਕਵੀਸ਼ਰੀ ਜਥੇ ਨੇ ਜੋਸ਼ ਭਰਪੂਰ ਰੰਗ ਬੰਨ੍ਹਿਆ।
(ਫੋਟੋ : 27ਸ਼ੇਤਰਾ-3) (ਫੋਟੋ : 27ਸ਼ੇਤਰਾ-3ਏ)
ਚੌਕੀਮਾਨ ਟੌਲ ਵਿਖੇ ਭਾਰਤ ਬੰਦ ਦੌਰਾਨ ਵੱਡੀ ਗਿਣਤੀ ’ਚ ਪੁੱਜੀਆਂ ਔਰਤਾਂ। (ਫੋਟੋ : ਜਸਬੀਰ ਸ਼ੇਤਰਾ)