ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜਨਵਰੀ
ਨਵੇਂ ਸਾਲ ਦਾ ਜਸ਼ਨ ਮਨਾਉਣ ਤੋਂ ਬਾਅਦ ਪੁਲੀਸ ਨੇ ਦੇਰ ਰਾਤ 12 ਵਜੇ ਤੋਂ ਬਾਅਦ ਸ਼ਹਿਰ ਦੇ ਪੌਸ਼ ਇਲਾਕੇ ’ਚ ਰੈਸਤਰਾਂ ਬੰਦ ਕਰਵਾਏ। ਸੜਕਾਂ ’ਤੇ ਖੁੱਲ੍ਹੇਆਮ ਜਸ਼ਨ ਮਨਾਉਣ ਦੌਰਾਨ ਰੌਲਾ ਪਾਉਣ ਵਾਲੇ ਨੌਜਵਾਨਾਂ ਨੂੰ ਪਹਿਲਾਂ ਤਾਂ ਪੁਲੀਸ ਨੇ ਸਮਝਾਇਆ ਤੇ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਸੰਭਾਲਣ ਲਈ ਹਲਕਾ ਲਾਠੀਚਾਰਜ ਵੀ ਕੀਤਾ। ਸਰਾਭਾ ਨਗਰ ’ਚ ਤਾਂ ਇੱਕ ਨੌਜਵਾਨ ਨੇ ਨਾਕਾਬੰਦੀ ਦੌਰਾਨ ਗੱਡੀ ਠੋਕ ਦਿੱਤੀ, ਜਿਸ ਤੋਂ ਬਾਅਦ ਪੁਲੀਸ ਦੇ ਨਾਲ ਉਸਦੀ ਬਹਿਸ ਹੋਈ। ਕੁਝ ਨੌਜਵਾਨਾਂ ਵਿਚਾਲੇ ਆਪਸੀ ਬਹਿਸ ਮਗਰੋਂ ਇੱਕ ਦੂਸਰੇ ਨਾਲ ਧੱਕਾਮੁੱਕੀ ਵੀ ਹੋਈ। ਹੈਰਾਨੀ ਦੀ ਗੱਲ ਇਹ ਹੈ ਕਿ ਬੰਬ ਧਮਾਕਾ ਹੋਣ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਹੈ, ਨਾਲ ਹੀ ਪ੍ਰਸ਼ਾਸਨ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤੇ ਧਾਰਾ 144 ਲਾਗੂ ਕੀਤੀ ਗਈ ਹੈ, ਫਿਰ ਵੀ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਹੋਏ ਧਾਰਾ 144 ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਪੁਲੀਸ ਦੀ ਕਾਰਗੁਜ਼ਾਰੀ ਢਿੱਲੀ ਨਜ਼ਰ ਆਈ। ਪੁਲੀਸ ਵੱਲੋਂ ਕਿਪਸ ਮਾਰਕੀਟ ’ਚ ਚਾਰੇ ਪਾਸਿਓਂ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ। ਕਿਸੇ ਨੂੰ ਵੀ ਵਾਹਨ ਲੈ ਕੇ ਜਾਣ ਦੀ ਆਗਿਆ ਨਹੀਂ ਸੀ, ਜੋ ਵਾਹਨ ਮਾਰਕੀਟ ’ਚ ਖੜ੍ਹੇ ਸਨ, ਉਨ੍ਹਾਂ ਨੂੰ ਬਾਹਰ ਕਰਵਾ ਦਿੱਤਾ ਗਿਆ ਤਾਂ ਕਿ ਕੋਈ ਅਣਹੋਣੀ ਨਾ ਹੋ ਸਕੇ। ਦੇਰ ਰਾਤ ਜਿਵੇਂ ਹੀ 12 ਵਜੇ ਤਾਂ ਉਸ ਤੋਂ 10 ਮਿੰਟ ਬਾਅਦ ਪੁਲੀਸ ਨੇ ਲੋਕਾਂ ਨੂੰ ਘਰ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਤੋਂ ਜਲਦੀ ਬਾਜ਼ਾਰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਰੈਸਤਰਾਂ ਵਾਲਿਆਂ ਨੂੰ ਵੀ ਰੈਸਤਰਾਂ ਬੰਦ ਕਰਨ ਦੇ ਹੁਕਮ ਕੀਤੇ ਗਏ।