ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਫਰਵਰੀ
ਹਲਕਾ ਪੱਛਮੀ ਦੇ ਭਾਜਪਾ ਉਮੀਦਵਾਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੇ ਹੱਕ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਚੋਣ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਐਡਵੋਕੇਟ ਸਿੱਧੂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੋਂ ਇਲਾਵਾ ਲੁਧਿਆਣ ਫਰਨੀਚਰ ਐਸੋਸੀਏਸ਼ਨ, ਕਸਟਮ ਐਂਡ ਸੈਂਟਰਲ ਐਕਸਾਈਜ਼ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਲੁਧਿਆਣਾ ’ਚ ਸੇਵਾਮੁਕਤ ਲੋਕਾਂ ਨੂੰ ਵੀ ਸਿਹਤ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇ। ਇਸ ਮੌਕੇ ਗਜੇਂਦਰ ਸ਼ੇਖਾਵਤ ਨੇ ਵੋਟਰਾਂ ਨੂੰ ਕਿਹਾ ਕਿ ਉਹ ਐਡਵੋਕੇਟ ਸਿੱਧੂ ਨੂੰ ਜਿਤਾਉਣ ਤਾਂ ਜੋ ਭਾਜਪਾ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰ ਸਕੇ। ਇਸ ਮੌਕੇ ਜੀਵਨ ਗੁਪਤਾ, ਅਮਰਜੀਤ ਸਿੰਘ ਟਿੱਕਾ, ਗੁਰਦੀਪ ਸਿੰਘ ਗੋਸ਼ਾ, ਸੰਜੀਵ ਸ਼ੇਰੂ ਸਚਦੇਵਾ, ਸੁਖਜਿੰਦਰ ਬਿੰਦਰਾ, ਅਰੁਣ ਗੋਇਲ, ਪਾਲ ਖੁਰਾਣਾ ਆਦਿ ਵੀ ਹਾਜ਼ਰ ਸਨ।
ਖਲੀ ਵੱਲੋਂ ਭਾਜਪਾ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜਲੰਧਰ ’ਚ ਦੋ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਰੈਸਲਰ ਦਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਪੰਜਾਬ ’ਚ ਭਾਜਪਾ ਲਈ ਚੋਣ ਪ੍ਰਚਾਰ ਕਰਨ ’ਚ ਲੱਗ ਗਏ ਹਨ। ਸ਼ਨਿੱਚਰਵਾਰ ਨੂੰ ਉਹ ਸਨਅਤੀ ਸ਼ਹਿਰ ਤੋਂ ਭਾਜਪਾ ਦੇ ਕੇਂਦਰੀ ਹਲਕੇ ਤੋਂ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਰੋਡ ਸ਼ੌਅ ਵੀ ਕੀਤਾ। ਇਸ ਦੌਰਾਨ ਸਮਰੱਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗੁਰਦੇਵ ਸ਼ਰਮਾ ਦੇਬੀ ਨੇ ਖੁੱਲ੍ਹੀ ਜੀਪ ’ਚ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਖਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਦੇਣ। ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਦੱਸਿਆ ਕਿ ਖਲੀ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਨੌਜਵਾਨ ਕਾਫ਼ੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਹੋਵੇਗੀ ਤਾਂ ਸੂਬੇ ’ਚ ਵਿਕਾਸ ਵੀ ਤੇਜ਼ੀ ਨਾਲ ਹੋਵੇਗਾ। ਖਲੀ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸੋਚ ਸਮਝ ਕੇ ਹੀ ਭਾਜਪਾ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜੋ ਕਿ ਹਰ ਧਰਮ ਨੂੰ ਸਨਮਾਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜੇ ਵਿਕਾਸ ਚਾਹੁੰਦੇ ਹਨ ਤੇ ਪੰਜਾਬ ਦੀ ਨੁਹਾਰ ਬਦਲਣਾ ਚਾਹੁੰਦੇ ਹਨ ਤਾਂ ਭਾਜਪਾ ਜ਼ਰੂਰੀ ਹੈ।