ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਕਤੂਬਰ
ਲੁਧਿਆਣਾ ਪੁਲੀਸ ਨੇ ਇੱਥੇ ਦੇ ਸਿਵਲ ਲਾਈਨਜ਼ ਸਥਿਤ ਝੰਡੂ ਚੌਕ ਤੋਂ ਸਾਥੀ ਦੇ ਨਾਲ ਮਿਲ ਕੇ ਪਿਸਤੌਲ ਦਿਖਾ ਕੇ ਫਾਰਚੂਨਰ ਕਾਰ ਲੁੱਟਣ ਵਾਲੇ ਗੈਂਗਸਟਰ ਮੇਵਿਸ਼ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਵਿਸ਼ ਬੈਂਸ ਗੈਂਗਸਟਰ ਪੁਨੀਤ ਬੈਂਸ ਦਾ ਨੇੜਲਾ ਸਾਥੀ ਹੈ। ਮੁਲਜ਼ਮ ਨੂੰ ਸੀਆਈਏ-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 32 ਬੋਰ ਦੀ ਪਿਸਤੌਲ ਤੇ 2 ਕਾਰਤੂਸ ਬਰਾਮਦ ਕੀਤੇ ਹਨ। ਕਿਲਾ ਮੁਹੱਲਾ ਵਾਸੀ ਮੇਵਿਸ਼ ਬੈਂਸ ਖ਼ਿਲਾਫ਼ ਫਾਰਚੂਨਰ ਗੱਡੀ ਲੁੱਟਣ ਦਾ ਕੇਸ ਦਰਜ ਹੈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ 25 ਫਰਵਰੀ ਨੂੰ ਜਗਨਜੋਤ ਸਿੰਘ ਆਪਣੀ ਫਾਰਚੂਨਰ ਕਾਰ ਗਰੋਵਰ ਸਰਵਿਸ ਸੈਂਟਰ ’ਤੇ ਠੀਕ ਕਰਵਾ ਰਿਹਾ ਸੀ। ਇਸੇ ਦੌਰਾਨ ਮੁਲਜ਼ਮ ਮੇਵਿਸ ਬੈਂਸ ਤੇ ਦੁੱਗਰੀ ਵਾਸੀ ਸਾਗਰ ਨਿਊਟਨ ਨੇ ਪਿਸਤੌਲ ਦਿਖਾ ਮੁਲਜ਼ਮ ਤੋਂ ਗੱਡੀ ਲੁੱਟ ਲਈ। ਸਾਗਰ ਨਿਊਟਨ ਨੂੰ ਤਾਂ ਪੁਲੀਸ ਨੇ ਕੁਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ ਪਰ ਮੁਲਜ਼ਮ ਮੇਵਿਸ਼ ਬੈਂਸ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਚੱਲ ਰਿਹਾ ਹੈ। ਪੁਲੀਸ ਲਗਾਤਾਰ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ ਤਾਂ ਕਿ ਸਮਾਂ ਆਉਣ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲੀਸ ਨੇ ਸੂਚਨਾ ਮਿਲਦੇ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਪੁਨੀਤ ਬੈਂਸ ਦਾ ਕਾਫ਼ੀ ਨਜ਼ਦੀਕੀ ਸਾਥੀ ਹੈ। ਗੈਂਗਸਟਰ ਪੁਨੀਤ ਬੈਂਸ ਤੇ ਸ਼ੁਭਮ ਅਰੋੜਾ ਉਰਫ਼ ਮੋਟਾ ਤੇ ਰਿਸ਼ਭ ਬੈਨੀਪਾਲ ਉਰਫ਼ ਨਾਨੂ ਦੇ ਨਾਲ ਉਸਦਾ ਅਕਸਰ ਝਗੜਾ ਹੁੰਦਾ ਸੀ। ਆਪਣਾ ਰੁਤਬਾ ਕਾਇਮ ਰੱਖਣ ਲਈ ਦੋਵੇਂ ਧੜੇ ਅਕਸਰ ਇੱਕ ਦੂਸਰੇ ’ਤੇ ਹਮਲਾ ਕਰਦੇ ਰਹਿੰਦੇ ਸਨ। ਮੁਲਜ਼ਮ ਮੇਵਿਸ਼ ਬੈਂਸ ਪੁਨੀਤ ਦੇ ਨਾਲ ਕਾਫ਼ੀ ਕੁੱਟਮਾਰ ਦੇ ਮਾਮਲਿਆਂ ’ਚ ਸ਼ਾਮਲ ਸੀ। ਉਸ ਖਿਲਾਫ਼ ਕਤਲ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਹਨ। ਪੁਲੀਸ ਅਨੁਸਾਰ ਮੁਲਜ਼ਮ ਹਾਲੇ ਪੁਲੀਸ ਰਿਮਾਂਡ ’ਤੇ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।