ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਮੁੱਖ ਅੰਸ਼
- ਫੇਸਬੁੱਕ ’ਤੇ ਪੋਸਟ ਸਾਂਝੀ ਕਰ ਕੇ ਪੰਜਾਬ ਪੁਲੀਸ ਨੂੰ ਦਿੱਤੀ ਚੁਣੌਤੀ
- ਸਾਈਬਰ ਟੀਮਾਂ ਜਾਂਚ ਵਿੱਚ ਜੁਟੀਆਂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਫ਼ਰਾਰ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਤੇ ਮਨਦੀਪ ਤੂਫ਼ਾਨ ਭਾਵੇਂ ਪੁਲੀਸ ਗ੍ਰਿਫ਼ਤ ਵਿੱਚੋਂ ਬਾਹਰ ਹਨ, ਪਰ ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਪੂਰੇ ਸਰਗਰਮ ਹਨ। ਇਸ ਸਬੰਧੀ ਮਨੀ ਰਈਆ ਨੇ ਆਪਣੀ ਫੇਸਬੁੱਕ ਆਈਡੀ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਸਨੇ ਪੰਜਾਬ ਪੁਲੀਸ ਨੂੰ ਸਿੱਧੀ ਚੁਣੌਤੀ ਦਿੱਤੀ ਹੈ।
ਸ਼ੋਸ਼ਲ ਮੀਡੀਆ ਫੇਸਬੁੱਕ ’ਤੇ ਪਾਈ ਪੋਸਟ ਵਿੱਚ ਮਨੀ ਰਈਆ ਨੇ ਲਿਖਿਆ ਹੈ, ‘‘ਜੰਗ ਸਿਰਫ਼ ਜਿੱਤਣ ਲਈ ਨਹੀਂ ਲੜੀ ਜਾਂਦੀ, ਕਈ ਵਾਰ ਇਹ ਵੀ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਹਾਲੇ ਜਿਉਂਦੇ ਹਾਂ।’’ ਸਿੱਧਾ ਸਿੱਧਾ ਪੁਲੀਸ ਨੂੰ ਚੁਣੌਤੀ ਦੇਣ ਤੋਂ ਬਾਅਦ ਪੁਲੀਸ ਦਾ ਖੁਫ਼ੀਆ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਨਾਲ ਸਾਈਬਰ ਕ੍ਰਾਈਮ ਦੀਆਂ ਟੀਮਾਂ ਜਾਂਚ ਵਿੱਚ ਜੁਟ ਗਈਆਂ ਹਨ ਕਿ ਇਹ ਪੋਸਟ ਕਿੱਥੋਂ ਪਾਈ ਗਈ ਹੈ ਤੇ ਜਿਸ ਆਈਡੀ ਤੋਂ ਪਾਈ ਗਈ ਹੈ, ਉਸਦਾ ਆਈਪੀ ਐਡਰੈੱਸ ਕੀ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗੈਂਗਸਟਰਾਂ ਨੂੰ ਬਠਿੰਡਾ ਛੱਡਣ ਤੇ ਕਤਲ ਦੀ ਪੂਰੀ ਜਾਣਕਾਰੀ ਹੋਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਤੋਂ ਵੀ ਪੁੱਛਗਿਛ ਜਾਰੀ ਹੈ। ਉਸਨੇ ਜੋ ਤਿੰਨ ਗੈਂਗਸਟਰਾਂ ਨੂੰ ਬਠਿੰਡਾ ਆਪਣੇ ਸਾਥੀ ਸਤਬੀਰ ਨਾਲ ਭੇਜਿਆ ਸੀ, ਉਨ੍ਹਾਂ ਤਿੰਨਾਂ ਵਿੱਚ ਮਨੀ ਰਈਆ, ਮਨਦੀਪ ਤੂਫ਼ਾਨ ਤੇ ਰਣਜੀਤ ਸ਼ਾਮਲ ਸਨ। ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ’ਚ ਦੋ ਗੈਂਗਸਟਰਾਂ ਦਾ ਪੁਲੀਸ ਮੁਕਾਬਲਾ ਵੀ ਹੋਇਆ।
ਸ਼ੱਕ ਸੀ ਕਿ ਗੈਂਗਸਟਰ ਮਨੀ ਰਈਆ ਤੇ ਮਨਦੀਪ ਤੂਫ਼ਾਨ ਵੀ ਉਥੇ ਨਾਲ ਸਨ, ਪਰ ਉਹ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਹੁਣ ਤੱਕ ਉਹ ਫ਼ਰਾਰ ਚੱਲ ਰਹੇ ਹਨ। ਪੁਲੀਸ ਨੂੰ ਹਾਲੇ ਤੱਕ ਉਨ੍ਹਾਂ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਅੱਜ ਦੀ ਪੋਸਟ ਤੋਂ ਬਾਅਦ ਇੱਕ ਵਾਰ ਫਿਰ ਪੁਲੀਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ ਕਿ ਚੁਣੌਤੀ ਕਿਸਨੂੰ ਮਿਲੀ ਹੈ, ਨਾਲ ਹੀ ਟੀਮਾਂ ਲਗਾਤਾਰ ਜਾਂਚ ਕਰਨ ’ਚ ਲੱਗੀਆਂ ਹੋਈਆਂ ਹਨ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਚੁਣੌਤੀ ਕਿਸਨੂੰ ਮਿਲੀ ਹੈ, ਨਾਲ ਹੀ ਪੁਲੀਸ ਟੀਮਾਂ ਉਨ੍ਹਾਂ ਦੀ ਥਹੁ-ਪਤਾ ਕਰਨ ਵਿੱਚ ਲਗਾਤਾਰ ਲੱਗੀਆਂ ਹੋਈਆਂ ਹਨ।
ਮੁਲਜ਼ਮਾਂ ਦੀ ਭਾਲ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ: ਪੁਲੀਸ
ਕਮਿਸ਼ਨਰੇਟ ਲੁਧਿਆਣਾ ਦੇ ਸੀਆਈਏ-2 ’ਚ ਤਾਇਨਾਤ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪਹਿਲਾਂ ਵੀ ਮੁਲਜ਼ਮਾਂ ਨੇ ਪੋਸਟ ਪਾਈ ਸੀ। ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਕਈ ਇਨਪੁਟਸ ਮਿਲੇ ਸਨ, ਪਰ ਮੁਲਜ਼ਮ ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਫ਼ਰਾਰ ਹੋ ਜਾਂਦੇ ਸਨ। ਉਨ੍ਹਾਂ ਦੀ ਭਾਲ ਲਈ ਪੰਜਾਬ ਪੁਲੀਸ ਦੀਆਂ ਕਈ ਟੀਮਾਂ ਛਾਪੇ ਮਾਰ ਰਹੀਆਂ ਹਨ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੋਸਟ ਮੁਲਜ਼ਮਾਂ ਨੇ ਪਾਈ ਹੈ, ਉਸਦੀ ਜਾਂਚ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਹ ਪਤਾ ਲਾਉਣ ਵਿੱਚ ਜੁਟੀ ਹੋਈ ਹੈ ਕਿ ਇਹ ਪੋਸਟ ਕਿੱਥੋਂ ਅਪਡੇਟ ਕੀਤੀਆਂ ਗਈਆਂ ਹਨ।