ਗਗਨਦੀਪ ਅਰੋੜਾ
ਲੁਧਿਆਣਾ, 1 ਨਵੰਬਰ
ਸਨਅਤੀ ਸ਼ਹਿਰ ਦੇ ਗਿਆਸੁਪਰਾ ਇਲਾਕੇ ਵਿੱਚ ਆਕਸੀਜਨ ਬਣਾਉਣ ਵਾਲੀ ਵੈਲਟੇਕ ਕੰਪਨੀ ਵਿੱਚ ਹੋਈ ਗੈਸ ਲੀਕ ਦੇ ਮਾਮਲੇ ਵਿੱਚ ਸਾਰੀ ਗ਼ਲਤੀ ਟਰੱਕ ਡਰਾਈਵਰ ਦੀ ਸਾਹਮਣੇ ਆ ਰਹੀ ਹੈ। ਜੇ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਸਮਝਦਾਰੀ ਨਾ ਵਰਤੀ ਹੁੰਦੀ ਤਾਂ ਟਰੱਕ ਡਰਾਈਵਰ ਦੀ ਇੱਕ ਗ਼ਲਤੀ ਸ਼ਹਿਰ ਵਾਸੀਆਂ ’ਤੇ ਭਾਰੀ ਪੈ ਸਕਦੀ ਸੀ। ਜਿਵੇਂ ਹੀ ਟੈਂਕਰ ਵਿੱਚ ਗੈਸ ਲੀਕ ਹੋਣੀ ਸ਼ੁਰੂ ਹੋਈ ਤਾਂ ਟਰੱਕ ਡਰਾਈਵਰ ਆਪਣਾ ਟਰੱਕ ਛੱਡ ਕੇ ਫੈਕਟਰੀ ਵਿੱਚੋਂ ਭੱਜ ਗਿਆ। ਕੁੱਝ ਹੀ ਪਲਾਂ ਗੈਸ ਦਾ ਰੌਲਾ ਸੁਣ ਮਜ਼ਦੂਰ ਫੈਕਟਰੀ ਦੇ ਅੰਦਰੋਂ ਆਏ ਤੇ ਉਨ੍ਹਾਂ ਨੇ ਗੈਸ ਦਾ ਰਿਸਾਅ ਬੰਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹੀ ਸਮਝਦਾਰੀ ਵਰਤਦੇ ਹੋਏ ਆਕਸੀਜਨ ਦੇ ਟੈਂਕਰ ਵਿੱਚੋਂ ਗੈਸ ਛੱਡੀ ਤਾਂ ਆਸਪਾਸ ਦੇ ਲੋਕਾਂ ਨੂੰ ਸਾਹ ਲੈਣਾ ਆਸਾਨ ਹੋਇਆ।
ਉਧਰ, ਘਟਨਾ ਦੀ ਜਾਣਕਾਰੀ ਮਿਲਦੇ ਹੀ ਹਲਕਾ ਦੱਖਣੀ ਤੋਂ ‘ਆਪ’ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਕੰਪਨੀ ਦੇ ਪਲਾਂਟ ’ਚ ਪੁੱਜ ਗਈ। ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪਲਾਂਟ ਮਾਲਕਾਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਫੈਕਟਰੀ ’ਚ ਮੁਲਾਜ਼ਮਾਂ ਨਾਲ ਗੱਲ ਕਰਨ ਉਪਰੰਤ ਸਿਵਲ ਹਸਪਤਾਲ ’ਚ ਦਾਖ਼ਲ ਗੌਰਵ ਨਿਟਵੀਅਰ ’ਚ ਕੰਮ ਕਰਨ ਵਾਲੇ ਦਿਨੇਸ਼, ਐਮਡੀ ਸਜਿਆਨ, ਕੁੰਦਨ ਕੁਮਾਰ ਸੰਨੀ ਤੇ ਦਾਹੋਰ ਰਾਏ ਦਾ ਹਾਲ ਪੁੱਛਣ ਪੁੱਜੇ। ਵਿਧਾਇਕ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਤੇ ਸਾਰੀ ਰਿਪੋਰਟ ਲਈ। ਵਿਧਾਇਕਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਤੇ ਜਾਂਚ ਤੋਂ ਬਾਅਦ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ।
ਪੀੜ੍ਹਤਾਂ ਨੇ ਸੁਣਾਈ ਹੱਡਬੀਤੀ, ਸਾਹ ਲੈਣ ’ਚ ਹੋ ਰਹੀ ਹੈ ਦਿੱਕਤ
ਸਿਵਲ ਹਸਪਤਾਲ ’ਚ ਦਾਖ਼ਲ ਪੰਜਾਂ ਜ਼ਖ਼ਮੀਆਂ ਨੇ ਦੱਸਿਆ ਕਿ ਉਹ ਕੰਮ ਕਰਦੇ ਕਰਦੇ ਬਾਹਰ ਵੱਲ ਆਏ ਹੀ ਸਨ ਕਿ ਅਚਾਨਕ ਤੋਂ ਗਲਾ ਸੁੱਕਣ ਲੱਗਿਆ ਤੇ ਅਜਿਹਾ ਲੱਗ ਰਿਹਾ ਸੀ ਕਿ ਸਾਹ ਆਉਣਾ ਬੰਦ ਹੋ ਗਿਆ ਹੈ। ਉਹ ਸਾਹ ਲੈਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਦੋਂ ਤੱਕ ਖ਼ੁਦ ਨੂੰ ਸੰਭਾਲਦੇ ਉਹ ਡਿੱਗ ਪਏ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਦੇਖ ਕੇ ਬਾਹਰ ਆਏ ਤੇ ਇੰਨ੍ਹੇ ’ਚ ਬਾਹਰ ਐਂਬੂਲੈਂਸ ਪੁੱਜ ਚੁੱਕੀ ਸੀ ਤੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ।
ਕਰੋਨਾ ਕਾਲ ’ਚ ਕੰਪਨੀ ਨੇ ਕੀਤਾ ਸੀ ਅਹਿਮ ਕਾਰਜ
ਕੰਪਨੀ ਦੇ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਆਕਸੀਜਨ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ। ਡਰਾਈਵਰ ਨੇ ਗ਼ਲਤੀ ਨਾਲ ਡਰੇਨਜ਼ ਵਾਲ ਖੋਲ੍ਹ ਦਿੱਤਾ ਤੇ ਤੇਜ਼ੀ ਨਾਲ ਖੋਲ੍ਹਣ ਕਾਰਨ ਗੈਸ ਲੀਕ ਕਰ ਗਈ। ਉਨ੍ਹਾਂ ਵਰਕਰਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਸੀ ਤਾਂ ਉਹ ਸਮੇਂ ’ਤੇ ਵਾਲ ਬੰਦ ਕਰਨ ’ਚ ਕਾਮਯਾਬ ਰਹੇ ਤੇ ਆਕਸੀਜਨ ਛੱਡੀ। ਇਸ ਸਦਕਾ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਰੋਨਾ ਕਾਲ ’ਚ ਕਾਫ਼ੀ ਵਧੀਆ ਕੰਮ ਕੀਤਾ ਸੀ। ਜਿਸ ਸਮੇਂ ਪੰਜਾਬ ਦੇ ਕਈ ਸ਼ਹਿਰਾਂ ’ਚ ਆਕਸੀਜਨ ਦੀ ਘਾਟ ਆਈ ਸੀ ਤਾਂ ਵੈਲਟੇਕ ਕੰਪਨੀ ਵੱਲੋਂ ਦਿਨ ਰਾਤ ਮਿਹਨਤ ਕਰ ਕੇ ਪ੍ਰਸਾਸ਼ਨ ਤੇ ਪੁਲੀਸ ਪ੍ਰਸਾਸ਼ਨ ਨਾਲ ਸਾਂਝੇ ਯਤਨ ਕਰ ਕੇ ਸ਼ਹਿਰ ਦੇ ਕਈ ਪ੍ਰਮੁੱਖ ਹਸਪਤਾਲਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਗਈ ਸੀ।