ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਸਤੰਬਰ
ਸਾਂਝਾ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸਾਂਝੇ ਝੰਡੇ ਥੱਲੇ ਬਿਜਲੀ ਮੁਲਾਜ਼ਮਾਂ ਵੱਲੋਂ ਮੰਨੀਆਂ ਮੰਗਾਂ ਦਾ ਸਰਕੁਲਰ ਜਾਰੀ ਕਰਵਾਉਣ ਲਈ ਸਮੂਹਿਕ ਛੁੱਟੀ ਭਰ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਗੇਟ ਰੈਲੀ ਕੀਤੀ ਗਈ। ਆਤਮ ਨਗਰ ਡਿਵੀਜ਼ਨ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੀ ਗੇਟ ਰੈਲੀ ਕੀਤੀ ਗਈ। ਆਗੂਆਂ ਰਘਵੀਰ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਮਹਿਦੂਦਾਂ, ਸਵਰਨ ਸਿੰਘ ਅਤੇ ਗੁਰਦੀਪ ਸਿੰਘ ਬਾਬਾ ਨੇ ਕਿਹਾ ਕਿ ਜੇਕਰ ਬਿਜਲੀ ਮੰਤਰੀ ਵੱਲੋਂ ਕੱਲ ਦੀ ਦਿੱਤੀ ਮੀਟਿੰਗ ਵੀ ਬੇਸਿੱਟਾ ਰਹਿੰਦੀ ਹੈ ਤਾਂ ਸਮੂਹਿਕ ਛੁੱਟੀ ਨੂੰ ਅੱਗੇ ਵਧਾਉਂਦਿਆਂ ਪਟਿਆਲਾ ਵੱਲ ਕੂਚ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਅੱਜ ਅਵਤਾਰ ਸਿੰਘ ਦੀ ਅਗਵਾਈ ਹੇਠ ਸੀਐੱਚਵੀ ਕੱਚੇ ਮੁਲਾਜ਼ਮਾਂ ਨੇ ਗੇਟ ਰੈਲੀ ਵਿੱਚ ਭਾਗ ਲਿਆ। ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ, ਸੁਰਜੀਤ ਸਿੰਘ ਅਤੇ ਅਵਤਾਰ ਸਿੰਘ ਪੰਧੇਰ ਨੇ ਸਮੂਹਿਕ ਛੁੱਟੀਆਂ ਨਾ ਭਰਨ ਵਾਲੇ ਕੁਝ ਕੁ ਮੁਲਾਜ਼ਮਾਂ ਨੂੰ ਸਾਂਝੇ ਘੋਲ ਵਿੱਚ ਕੁੱਦਣ ਲਈ ਪ੍ਰੇਰਿਆ।
ਮਾਛੀਵਾੜਾ (ਪੱਤਰ ਪ੍ਰੇਰਕ): ਸਬ-ਡਿਵੀਜ਼ਨ ਮਾਛੀਵਾੜਾ ਵਿੱਚ ਤਾਇਨਾਤ ਬਿਜਲੀ ਕਾਮਿਆਂ ਵੱਲੋਂ ਬਿਜਲੀ ਮੈਨੇਜਮੈਂਟ ਖਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਬ-ਡਿਵੀਜ਼ਨ ਪ੍ਰਧਾਨ ਗੁਰਚਰਨ ਸਿੰਘ ਤੇ ਅਵਤਾਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਸਮਰਾਲਾ ਡਿਵੀਜ਼ਨ ਪ੍ਰਧਾਨ ਬਲਦੇਵ ਸਿੰਘ ਗਹਿਲੇਵਾਲ, ਡਿਵੀਜ਼ਨ ਸਕੱਤਰ ਜੇ.ਈ. ਸਵਰਨ ਸਿੰਘ, ਮੀਤ ਪ੍ਰਧਾਨ ਗੁਰਿੰਦਰ ਸਿੰਘ, ਸਕੱਤਰ ਜਸਪਾਲ ਸਿੰਘ, ਕੈਸ਼ੀਅਰ ਮੋਹਣ ਸਿੰਘ, ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਖੜਕ ਸਿੰਘ, ਪਰਵੇਸ਼ ਜੈਨ, ਅਵਤਾਰ ਸਿੰਘ ਤੇ ਚੰਦਰ ਪ੍ਰਕਾਸ਼ ਵੀ ਮੌਜੂਦ ਸਨ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮ ਏਕਤਾ ਮੰਚ, ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਅਤੇ ਸਾਂਝੇ ਫੋਰਮ ਦੇ ਸੱਦੇ ਉੱਪਰ ਸਮੂਹਿਕ ਛੁੱਟੀ ਦੇ ਦੂਸਰੇ ਦਿਨ ਬਿਜਲੀ ਕਾਮਿਆਂ ਨੇ ਮੰਡਲ ਦਫ਼ਤਰ ਲਲਤੋਂ ਕਲਾਂ, ਪੱਖੋਵਾਲ, ਮੰਡਲ ਦਫ਼ਤਰ ਅੱਡਾ ਦਾਖਾ ਮੁੱਲਾਂਪੁਰ, ਉਪ ਮੰਡਲ ਦਫ਼ਤਰ ਸੁਧਾਰ, ਮੰਡਲ ਦਫ਼ਤਰ ਰਾਏਕੋਟ ਤੋਂ ਇਲਾਵਾ ਉਪ ਮੰਡਲ ਦਫ਼ਤਰ ਰਾਏਕੋਟ, ਬੱਸੀਆਂ ਅਤੇ ਲੱਖਾ ਦੇ ਦਫ਼ਤਰਾਂ ਦੇ ਗੇਟਾਂ ਅੱਗੇ ਪ੍ਰਦਰਸ਼ਨ ਕੀਤਾ। ਇਨ੍ਹਾਂ ਰੈਲੀਆਂ ਵਿੱਚ ਸਾਬਕਾ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ, ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਰੱਖ ਕੇ ਟਾਲਾ ਵੱਟਣ ਦੀ ਨਿੰਦਾ ਕੀਤੀ।