ਪੱਤਰ ਪ੍ਰੇਰਕ
ਜਗਰਾਉਂ, 17 ਸਤੰਬਰ
ਮਹਿਫ਼ਲ-ਏ-ਅਦੀਬ ਸੰਸਥਾ ਨਾਲ ਜੁੜੇ ਸਾਹਿਤਕਾਰਾਂ ਦੀ ਇਕੱਤਰਤਾ ਸੰਸਥਾ ਦੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ’ਚ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਮੈਂਬਰ ਖਾਸ ਤੌਰ ’ਤੇ ਪੁੱਜੇ। ਸਭਾ ਦੀ ਕਾਰਵਾਈ ਦਾ ਆਰੰਭ ਕਰਦਿਆਂ ਜਨਰਲ ਸੈਕਟਰੀ ਜਸਵਿੰਦਰ ਛਿੰਦਾ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਰਸਮੀ ਸਵਾਗਤ ਕੀਤਾ, ਜਿਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੇਡ ਸਿਲੇਬਸ ’ਚ ਸੰਸਥਾ ਦੇ ਅਦੀਬ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਦਾ ਨਾਵਲ ‘ਗੋਲਡਨ ਪੰਚ’ ਲਗਾਉਣ ’ਤੇ ਵਧਾਈ ਦਿੱਤੀ ਗਈ। ਇਸ ਉਪਰੰਤ ਪੂਰਨ ਸਿੰਘ ਗਗੜਾ ਨੇ ਰਚਨਾਵਾਂ ਦਾ ਦੌਰ ਆਰੰਭ ਕੀਤਾ ਅਤੇ ਆਪਣੀ ਕਵਿਤਾ ‘ਲੱਗੀ ਨਜ਼ਰ ਮੇਰੇ ਸ਼ਹਿਰ ਨੂੰ’ ਸੁਣਾ ਕੇ ਸ਼ੁਰੂਆਤ ਕੀਤੀ। ਇਸ ਮਗਰੋਂ ਚਰਨਜੀਤ ਕੌਰ ਗਰੇਵਾਲ ਨੇ ਕਵੀਸ਼ਰੀ ‘ਨਸ਼ਿਆਂ ਨੇ ਕਰਤੇ ਬਿਮਾਰ ਗੱਭਰੂ’ ਗਾ ਕੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਝਾਤ ਪਾਈ, ਜਸਵਿੰਦਰ ਛਿੰਦਾ ਨੇ ‘ਗੁੰਮ ਹੋ ਗਿਆ ਦਿਲ ਦਾ ਚੈਨ’, ਕਾਂਤਾ ਦੇਵੀ ਨੇ ‘ਸੰਸਾਰ ਚੰਗਾ ਨਹੀਂ’, ਅਵਤਾਰ ਭੁੱਲਰ ਨੇ ‘ਰੋਜ਼ ਸਵੇਰੇ ਸੁਣ ਲੈਂਦਾ ਹਾਂ ਨਵੀਆਂ ਅਫ਼ਵਾਹਾਂ’ ਰਾਹੀਂ ਡਗਮਗਾਈ ਕਾਨੂੰਨ ਵਿਵਸਥਾ ’ਤੇ ਚੋਟ ਕੀਤੀ। ਸ਼ਬਦ ਅਦਬ ਸੰਸਥਾ ਦੇ ਰਛਪਾਲ ਸਿੰਘ ਚਕਰ ਨੇ ਨੌਜਵਾਨੀ ਅਤੇ ਦੇਸ਼ ਦੇ ਹਾਲਾਤ ’ਤੇ ਵਿਚਾਰ ਸਾਂਝੇ ਕੀਤੇ, ਬਲਦੇਵ ਸਿੰਘ ਨੇ ‘ਇਨਸਾਨੀਅਤ ਅਤੇ ਰੱਬ ਦੀ ਹੋਂਦ’ ਵਿਸ਼ੇ ’ਤੇ ਵਿਚਾਰ ਪ੍ਰਗਟਾਏ। ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਭਰਵੀਂ ਹਾਜ਼ਰੀ ਅਤੇ ਪੰਜਾਬ ਦੀ ਚਿੰਤਾ ਲਈ ਅਦੀਬਾਂ ਦਾ ਧੰਨਵਾਦ ਕੀਤਾ।