ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੁਲਾਈ
ਕਿਸਾਨ, ਮਜ਼ਦੂਰ, ਇਨਕਲਾਬੀ ਤੇ ਹੋਰ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਥਾਨਕ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਹੋਈ। ਇਸ ’ਚ ਤੱਪੜ ਹਰਨੀਆਂ ਵਿੱਚ ਚੱਲਦੀ ਰਿਫਾਈਨਰੀ ਦਾ ਗੰਧਲਾ ਪਾਣੀ ਖੇਤਾਂ ਦੀਆਂ ਮੋਟਰਾਂ ’ਚ ਆਉਣ ਅਤੇ ਹਾਈਵੇਅ ’ਤੇ ਪੁਲਾਂ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਜਾ ਰਹੇ ਡੂੰਘੇ ਬੋਰਾਂ ਦਾ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਗਿਆ। ਜਨਤਕ ਆਗੂਆਂ ਨੇ ਇਸ ਮੁੱਦੇ ’ਤੇ 10 ਜੁਲਾਈ ਨੂੰ ਉਪ ਮੰਡਲ ਮੈਜਿਸਟਰੇਟ ਨੂੰ ਮਿਲਣ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਰਿਫਾਈਨਰੀ ਦੀ ਪੜਤਾਲੀਆ ਕਮੇਟੀ ’ਚ ਕਿਸਾਨ ਜਥੇਬੰਦੀਆਂ ਦੇ ਹੋਰ ਨੁਮਾਇੰਦੇ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਡਾ. ਸੁਖਦੇਵ ਭੂੰਦੜੀ, ਗੁਰਮੇਲ ਸਿੰਘ ਰੂਮੀ, ਤਰਲੋਚਨ ਸਿੰਘ ਝੋਰੜਾਂ, ਇੰਦਰਜੀਤ ਧਾਲੀਵਾਲ ਆਦਿ ਨੇ ਕਿਹਾ ਕਿ ਪੜਤਾਲੀਆ ਕਮੇਟੀ ’ਚ ਪਿੰਡਾਂ ਦੀਆਂ ਪੰਚਾਇਤਾਂ, ਪਾਣੀ ਦੇ ਮਾਹਿਰ ਵਿਗਿਆਨੀਆਂ, ਖੋਜਕਾਰਾਂ ਨੂੰ ਵੀ ਸ਼ਾਮਲ ਕਰਨ ਉਪਰੰਤ ਮਿਥੇ ਸਮੇਂ ’ਚ ਰਿਪੋਰਟ ਹਾਸਲ ਕਰਕੇ ਯੋਗ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੀਟੀ ਰੋਡ ਦੇ ਦੋਹੇਂ ਪਾਸੀਂ ਬੋਰ ਕਰ ਕੇ ਬਾਰਸ਼ ਦਾ ਪਾਣੀ ਯੋਗ ਤੇ ਪ੍ਰਮਾਣਤ ਵਿਧੀ ਰਾਹੀਂ ਹੀ ਧਰਤੀ ’ਚ ਪਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਥੇਬੰਦੀਆਂ ਦਾ ਵਫ਼ਦ ਬੱਸ ਅੱਡੇ ਵਿੱਚ ਇਕੱਤਰ ਹੋ ਕੇ 10 ਜੁਲਾਈ ਸੋਮਵਾਰ ਸਵੇਰੇ ਦਸ ਵਜੇ ਏਡੀਸੀ ਅਤੇ ਐੱਸਡੀਐੱਮ ਨੂੰ ਮਿਲੇਗਾ।