ਦੇਵਿੰਦਰ ਸਿੰਘ ਜੱਗੀ
ਪਾਇਲ , 19 ਅਗਸਤ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਦੀ 47ਵੀਂ ਸਲਾਨਾ ਬਰਸੀਂ 24, 25 ਅਤੇ 26 ਅਗਸਤ ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਈ ਜਾ ਰਹੀ ਹੈ। ਬਰਸੀ ਸਬੰਧੀ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਬਰਸੀ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਦੇ ਰਹਿਣ ਸਹਿਣ ਅਤੇ ਹੋਰ ਪੁਖ਼ਤਾ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ।
ਗੁਰੂ ਘਰ ਦੇ ਮੁੱਖ ਗ੍ਰੰਥੀ ਅਜਵਿੰਦਰ ਸਿੰਘ, ਭਾਈ ਰਣਧੀਰ ਸਿੰਘ ਢੀਂਡਸਾ ਅਤੇ ਭਾਈ ਮਨਿੰਦਰਜੀਤ ਸਿੰਘ ਬਾਵਾ ਮਾਛੀਆਂ ਨੇ ਦੱਸਿਆ ਕਿ 21 ਅਗਸਤ ਤੋਂ ਦੀਵਾਨਾਂ ਦੀ ਆਰੰਭਤਾ ਹੋਵੇਗੀ, 24 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਉਪਰੰਤ ਦਿਨ ਸਮੇਂ ਢਾਡੀ ਅਤੇ ਕਵੀਸ਼ਰ ਦਰਬਾਰ ਸਜਾਇਆ ਜਾਵੇਗਾ। 25 ਅਗਸਤ ਨੂੰ ਸਾਰਾ ਦਿਨ ਤੇ ਰਾਤ ਨੂੰ ਰੈਣ ਸਵਾਈ ਕੀਰਤਨ ਹੋਵੇਗਾ, ਜਿਸ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂ ਸਰਧਾ ਤੇ ਸਤਿਕਾਰ ਭੇਟ ਕਰਨ ਲਈ ਪੁੱਜ ਰਹੇ ਹਨ। 26 ਅਗਸਤ ਨੂੰ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਅੰਮ੍ਰਿਤ ਸੰਚਾਰ ਹੋਵੇਗਾ। ਇਸ ਮੀਟਿੰਗ ਵਿੱਚ ਬਾਬਾ ਰੌਸ਼ਨ ਸਿੰਘ ਧਬਲਾਨ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਬਾਬਾ ਮੋਹਣ ਸਿੰਘ ਮੁਕੰਦਪੁਰ, ਬਾਬਾ ਅਮਰ ਸਿੰਘ ਕਥਾਵਾਚਕ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਗੁਰਨਾਮ ਸਿੰਘ ਅੜੈਚਾ, ਮਲਕੀਤ ਸਿੰਘ ਪਨੇਸ਼ਰ, ਬਾਬਾ ਹਰਦੇਵ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਕਰਮ ਸਿੰਘ, ਐਡਵੋਕੇਟ ਭਵਪ੍ਰੀਤ ਸਿੰਘ ਮੁੰਡੀ ਵੀ ਮੌਜੂਦ ਸਨ।