ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਬਦਲਾਅ ਦੇ ਨਾਅਰੇ ਨਾਲ ਸੱਤਾ ਸਾਂਭਣ ਵਾਲੀ ਆਮ ਆਦਮੀ ਪਾਰਟੀ ਨੇ ਸ਼ੁਰੂ ’ਚ ਹੀ ‘ਘੜੰਮ ਚੌਧਰੀਆਂ’ ਨੂੰ ਸੁਧਾਰਨ ਦੀ ਤਾਕੀਦ ਕਰ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਾਕਾਇਦਾ ਨਿਰਦੇਸ਼ ਦਿੱਤੇ ਸਨ ਕਿ ਚੁਣੀਆਂ ਹੋਈਆਂ ਮਹਿਲਾ ਪੰਚ-ਸਰਪੰਚ, ਕੌਂਸਲਰ, ਚੇਅਰਮੈਨ ਆਦਿ ਦੀ ਥਾਂ ’ਤੇ ਉਨ੍ਹਾਂ ਦੇ ਪਤੀ, ਪੁੱਤਾਂ ਆਦਿ ਵੱਲੋਂ ਵਿਚਰਨ ’ਤੇ ਕਾਰਵਾਈ ਹੋਵੇਗੀ। ਪਰ ਇਕ ਸਾਲ ਦੇ ਅੰਦਰ ਹੀ ਇਹ ਵਾਅਦੇ ਦਾਅਵੇ ਹਵਾ ਹੋ ਗਏ ਹਨ, ਸ਼ੁਰੂ ’ਚ ਜਿਹੜੇ ਮਰਦ ਆਗੂ ਥੋੜ੍ਹਾ ਪਿੱਛੇ ਹਟੇ ਸਨ ਉਹ ਮੁੜ ਪੰਚ, ਸਰਪੰਚ, ਕੌਂਸਲਰ ਤੇ ਚੇਅਰਮੈਨ ਆਦਿ ਵਜੋਂ ਸਰਗਰਮ ਹੋ ਹਨ। ਕਈ ਥਾਵਾਂ ’ਤੇ ਲੋਕਾਂ ਨੂੰ ਵੀ ਯਾਦ ਨਹੀਂ ਕਿ ਅਸਲ ਅਹੁਦੇਦਾਰ ਵਿਚਰਨ ਵਾਲਾ ਹੀ ਹੈ ਜਾਂ ਉਸ ਦੇ ਪਰਿਵਾਰ ਦੀ ਕੋਈ ਔਰਤ ਹੈ। ਹਾਕਮ ਧਿਰ ਦੇ ਆਗੂ ਤੇ ਵਿਧਾਇਕ ਖੁਦ ਮਹਿਲਾਵਾਂ ਦੇ ਪਤੀਆਂ, ਪੁੱਤਾਂ ਤੇ ਸਹੁਰਿਆਂ ਨੂੰ ‘ਮਾਨਤਾ’ ਦੇਣ ਲੱਗੇ। ਅਕਸਰ ਕਈ ਵਿਧਾਇਕਾਂ ਤੇ ਹਾਕਮ ਧਿਰ ਦੇ ਹੋਰ ਆਗੂਆਂ ਦੀਆਂ ਮੀਟਿੰਗਾਂ ਅਤੇ ਸਮਾਗਮਾਂ ’ਚ ਇਹ ਲੋਕ ਬਿਨਾਂ ਕਿਸੇ ਅਹੁਦੇ ਦੇ ਸ਼ਮੂਲੀਅਤ ਹੀ ਨਹੀਂ ਕਰਦੇ ਸਗੋਂ ਫ਼ੈਸਲੇ ਆਦਿ ਲੈਣ ’ਚ ਆਪਣੀ ਰਾਇ ਦੇ ਕੇ ਫ਼ੈਸਲਾਕੁਨ ਭੂਮਿਕਾ ਵੀ ਨਿਭਾ ਰਹੇ ਹਨ। ਹੋਰਨਾਂ ਜ਼ਿਲ੍ਹਿਆਂ ਵਾਂਗ ਲੁਧਿਆਣਾ ਜ਼ਿਲ੍ਹੇ ਦੇ ਕਈ ਵਿਧਾਨ ਸਭਾ ਹਲਕਿਆ ’ਚ ਵੀ ਇਹ ਵਰਤਾਰਾ ਆਮ ਹੋ ਰਿਹਾ ਹੈ। ਵਿਧਾਨ ਸਭਾ ਹਲਕਾ ਜਗਰਾਉਂ ’ਚ ਕਈ ਪੰਚ-ਸਰਪੰਚ ਅਤੇ ਕੌਂਸਲਰ ਆਪਣੀਆਂ ਪਤਨੀਆਂ ਦੀ ਥਾਂ ’ਤੇ ਵਿਚਰ ਰਹੇ ਹਨ। ਦੋ ਦਿਨ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨਾਲ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤੀ ਮੁਲਾਕਾਤ ਮੌਕੇ ਵੀ ਕੁਝ ਆਗੂ ਸ਼ਾਮਲ ਹੋਏ ਜਿਹੜੇ ਖੁਦ ਕੌਂਸਲਰ ਨਹੀਂ ਹਨ। ਇਨ੍ਹਾਂ ’ਚੋਂ ਕਿਸੇ ਦੀ ਪਤਨੀ ਅਤੇ ਕਿਸੇ ਦੀ ਮਾਂ ਕੌਂਸਲਰ ਹੈ। ਇਸੇ ਤਰ੍ਹਾਂ ਬੀਤੇ ਦਿਨ ਹੋਈ ਮੀਟਿੰਗ ’ਚ ਵੀ ਦੇਖਣ ਨੂੰ ਮਿਲਿਆ। ਨਗਰ ਸੁਧਾਰ ਸਭਾ ਦੇ ਆਗੂ ਕੰਵਲਜੀਤ ਖੰਨਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਇਹ ਚੁਣੀਆਂ ਹੋਈਆਂ ਔਰਤਾਂ ਦੇ ਹੱਕ ’ਤੇ ਡਾਕਾ ਹੀ ਨਹੀਂ ਸਗੋਂ ਬਰਾਬਰੀ ਵਾਲੇ ਸਮਾਜ ’ਚ ਲਿੰਗ ਦੇ ਆਧਾਰ ’ਤੇ ਵਿਤਕਰੇ ਦੀ ਜਿਊਂਦੀ ਜਾਗਦੀ ਮਿਸਾਲ ਹੈ। ਹਾਕਮ ਧਿਰ ਨੂੰ ਵਾਅਦਾ ਯਾਦ ਕਰਵਾਉਂਦੇ ਹੋਏ ਉਨ੍ਹਾਂ ਵਿਧਾਇਕ ਮਾਣੂੰਕੇ ਨੂੰ ਵੀ ਇਸ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।