ਗਗਨਦੀਪ ਅਰੋੜਾ
ਲੁਧਿਆਣਾ, 7 ਅਕਤੂਬਰ
ਸ਼ਹਿਰ ਦੇ ਪੌਸ਼ ਇਲਾਕੇ ਘੁਮਾਰ ਮੰਡੀ ’ਚ ਚੇਂਜ ਆਫ਼ ਲੈਂਡ ਯੂਜ਼ (ਸੀਐੱਲਯੂ) ਨੂੰ ਲੈ ਕੇ ਨਿਗਮ ਅਫ਼ਸਰ ਤੇ ਦੁਕਾਨਦਾਰ ਆਹਮੋ-ਸਾਹਮਣੇ ਹੋ ਗਏ। ਮਾਰਕੀਟ ਦੀਆਂ ਦੋ ਦੁਕਾਨਾਂ ਸੀਲ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਘੁਮਾਰ ਮੰਡੀ ਦੀਆਂ ਸਾਰੀਆਂ ਦੁਕਾਨਾਂ ਬੰਦ ਕਰ ਐਸੋਸੀਏਸ਼ਨ ਨੇ ਨਿਗਮ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੰਨੀਆਂ ਪੁਰਾਣੀਆਂ ਮਾਰਕੀਟਾਂ ’ਚ ਹੁਣ ਸੀਐੱਲਯੂ ਕਿਸ ਨਾਮ ’ਤੇ ਥੋਪਿਆ ਜਾ ਰਿਹਾ ਹੈ।
ਜੇਕਰ ਪ੍ਰਸਾਸ਼ਨ ਨੇ ਬੁੱਧਵਾਰ ਸ਼ਾਮ ਤੱਕ ਕੋਈ ਹੱਲ ਨਾ ਕੱਢਿਆ ਤਾਂ ਵੀਰਵਾਰ ਨੂੰ ਪੂਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ। ਦੂਸਰੇ ਪਾਸੇ ਮੇਅਰ ਬਲਕਾਰ ਸੰਧੂ ਦਾ ਕਹਿਣਾ ਹੈ ਕਿ ਸਾਰਾ ਕੁਝ ਨਿਯਮਾਂ ਅਨੁਸਾਰ ਹੋ ਰਿਹਾ ਹੈ, ਇਸ ਲਈ ਸੀਐੱਲਯੂ ਤਾਂ ਲਿਆ ਹੀ ਜਾਵੇਗਾ। ਘੁਮਾਰ ਮੰਡੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਪਵਨ ਬੱਤਰਾ ਨੇ ਦੱਸਿਆ ਕਿ ਘੁਮਾਰ ਮੰਡੀ ਲਗਪਗ 50 ਸਾਲ ਪੁਰਾਣੀ ਮਾਰਕੀਟ ਹੈ। ਬੀਤੇ ਕੁਝ ਦਿਨਾਂ ਤੋਂ ਨਿਗਮ ਅਫ਼ਸਰਾਂ ਨੇ ਇੱਥੇ ਸੀਐੱਲਯੂ ਥੋਪ ਦਿੱਤਾ ਹੈ। ਕਿਸੇ ਵੀ ਦੁਕਾਨ ਨੂੰ ਦੁਬਾਰਾ ਬਣਾਉਣ ਲਈ ਉਨ੍ਹਾਂ ਤੋਂ 5400 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਸੀਐੱਲਯੂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਨਿਗਮ ਨੇ ਇਸ ਬਾਜ਼ਾਰ ਦੀਆਂ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਐੱਲਯੂ ਉਸ ਵੇਲੇ ਲਿਆ ਜਾਂਦਾ ਹੈ, ਜਦੋਂ ਕੋਈ ਵਿਅਕਤੀ ਜ਼ਮੀਨ ਖਰੀਦ ਕੇ ਨਵੀਂ ਦੁਕਾਨ ਬਣਾਉਂਦਾ ਹੈ। ਹੁਣ ਇਸ ਬਾਜ਼ਾਰ ’ਚ ਜ਼ਬਰਦਸਤੀ ਸੀਐੱਲਯੂ ਥੋਪਣ ਦਾ ਕੋਈ ਮਤਲਬ ਨਹੀਂ ਹੈ। ਨਿਗਮ ਦੇ ਇਸ ਤਾਨਾਸ਼ਾਹ ਰਵੱਈਏ ਖਿਲਾਫ਼ ਬੁੱਧਵਾਰ ਨੂੰ ਪੂਰੀ ਘੁਮਾਰ ਮੰਡੀ ਨੂੰ ਬੰਦ ਕਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਵੇਲੇ ਕਰੋਨਾ ਮਹਾਮਾਰੀ ਦੇ ਚੱਲਦੇ ਪਹਿਲਾਂ ਦੁਕਾਨਦਾਰਾਂ ਨੂੰ ਰੁਜ਼ਗਾਰ ਦੇ ਲਾਲੇ ਪਏ ਹਨ, ਹੁਣ ਨਿਗਮ ਅਫ਼ਸਰ ਇੱਕ ਨਵਾਂ ਟੈਕਸ ਉਨ੍ਹਾਂ ’ਤੇ ਥੋਪ ਰਹੇ ਹਨ, ਜੋ ਕਿ ਕਿਸੇ ਹਾਲਤ ’ਚ ਲਾਗੂ ਨਹੀਂ ਹੁੰਦਾ। ਇਸਨੂੰ ਕਿਸੇ ਵੀ ਕੀਮਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁੱਧਵਾਰ ਦੇਰ ਸ਼ਾਮ ਨੂੰ ਉਨ੍ਹਾਂ ਦੀ ਐਸੋਸੀਏਸ਼ਨ ਦੇ ਨਾਲ ਬੈਠ ਕੇ ਹੱਲ ਕੱਢਣ ਦਾ ਵਾਅਦਾ ਕੀਤਾ ਗਿਆ ਹੈ। ਜੇਕਰ ਇਸ ਬੈਠਕ ’ਚ ਕੋਈ ਹੱਲ ਨਾ ਨਿਕਲਿਆ ਤਾਂ ਵੀਰਵਾਰ ਨੂੰ ਪੂਰੇ ਲੁਧਿਆਣਾ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ ਅਤੇ ਨਗਰ ਖਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ। ਉਧਰ ਮੇਅਰ ਬਲਕਾਰ ਸੰਧੂ ਦਾ ਕਹਿਣਾ ਹੈ ਕਿ ਘੁਮਾਰ ਮੰਡੀ ਨੂੰ ਵਿਕਸਿਤ ਹੋਏ ਤਾਂ ਕੁਝ ਸਾਲ ਹੋਏ ਹਨ, ਉਸ ਤੋਂ ਪਹਿਲਾਂ ਇਹ ਰਿਹਾਇਸ਼ੀ ਇਲਾਕਾ ਸੀ। ਘਰਾਂ ਨੂੰ ਤੋੜ ਕੇ ਲੋਕਾਂ ਨੇ ਇੱਥੇ ਦੁਕਾਨਾਂ ਬਣਾਈਆਂ ਹਨ। ਸਰਕਾਰ ਦੀ ਪਾਲਿਸੀ ’ਚ ਸਾਫ਼ ਹੈ ਕਿ ਜੇਕਰ ਰਿਹਾਇਸ਼ੀ ਇਲਾਕੇ ’ਚ ਕਮਰਸ਼ੀਅਲ ’ਚ ਤਬਦੀਲ ਕੀਤਾ ਗਿਆ ਹੈ ਤਾਂ ਉਸ ਨੂੰ ਇੱਕ ਵਾਰ ਸੀਐੱਲਯੂ ਤਾਂ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰਾ ਕੁਝ ਨਿਯਮਾਂ ਅਨੁਸਾਰ ਕਰ ਰਹੇ ਹਨ, ਜੇਕਰ ਨਿਗਮ ਨੂੰ ਆਮਦਨ ਨਹੀਂ ਹੋਵੇਗੀ ਤਾਂ ਸ਼ਹਿਰ ਦੇ ਵਿਕਾਸ ਲਈ ਪੈਸਾ ਕਿੱਥੋਂ ਖਰਚ ਕੀਤੇ ਜਾਣਗੇ।