ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਜੂਨ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਦੀਆਂ ਗਤੀਵਿਧੀਆਂ ਸਬੰਧੀ ਬਣਾਏ ਫੇਸਬੁੱਕ ਪੇਜ ਨੂੰ ‘ਲਾਈਕ, ਸ਼ੇਅਰ ਅਤੇ ਕੁਮੈਂਟ’ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। 17 ਜੂਨ ਰਾਤ 10 ਵਜੇ ਤੋਂ 18 ਜੂਨ ਰਾਤ 10 ਵਜੇ ਤੱਕ ਲਾਈਕ, ਕੁਮੈਂਟ ਅਤੇ ਸ਼ੇਅਰ ਕਰਵਾਉਣ ਦੀ ਲੁਧਿਆਣਾ ਜ਼ਿਲ੍ਹੇ ਦੀ ਸੀ ਵਾਰੀ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਖ ਵੱਖ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਜ਼ਿਲ੍ਹੇ ਦੇ 19 ਬਲਾਕਾਂ ਦੀ ਡਿਸਟ੍ਰਿਕ ਮੈਂਟਰ (ਪੰਜਾਬੀ ਵਿਸ਼ਾ) ਸੁਪਰਜੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਵਧੀਆ ਕੰਮਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਸ਼ਾਮ ਪੰਜ ਕੁ ਵਜੇ ਤੱਕ ਇਸ ਫੇਸਬੁਕ ਪੇਜ਼ ’ਤੇ ਕਈ ਹਜ਼ਾਰ ਲਾਈਕ ਹੋ ਚੁੱਕੇ ਸਨ। ਡਿਪਟੀ ਡੀਈਓ ਸੈਕੰਡਰੀ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪੜ੍ਹਾਈ ਪਹਿਲੇ ਨੰਬਰ ’ਤੇ ਆਏ ਪੰਜਾਬ ਦੇ ਸਕੂਲਾਂ ਨੇ ਫੇਸਬੁਕ ਪੇਜ਼ ਰਾਹੀਂ ਆਪਣੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਦਿਖਾਈਆਂ ਜਿਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਪੰਜ ਵਜੇ ਤੱਕ 28 ਹਜ਼ਾਰ ਤੋਂ ਵੱਧ ਲੋਕਾਂ ਨੇ ਪੇਜ਼ ਨੂੰ ਲਾਈਕ ਕੀਤਾ।