ਖੰਨਾ (ਜੋਗਿੰਦਰ ਸਿੰਘ ਓਬਰਾਏ):
ਦੇਰ ਰਾਤ ਹਨੇਰੀ ਚੱਲਣ ਉਪਰੰਤ ਇਥੋਂ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਅਚਾਨਕ ਤਿੰਨ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨਾਂ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਇਥੋਂ ਦੇ ਜੰਝ ਘਰ ਦੇ ਸਾਹਮਣੇ ਸਥਿਤ ਚਾਵਲਾ ਗਲਾਸ ਹਾਊਸ, ਆਈਕੇ ਕੁਲੈਕਸ਼ਨ ਅਤੇ ਫਾਰ ਯੂ ਕੁਲੈਕਸ਼ਨ ਨਾਂਅ ਦੀਆਂ ਤਿੰਨ ਦੁਕਾਨਾਂ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲਣ ਕਾਰਨ ਦੁਕਾਨਾਂ ਦੀ ਉਪਰਲੀ ਮੰਜ਼ਿਲ ਵਿੱਚ ਪਿਆ ਸਾਮਾਨ ਕੁਝ ਸਮੇਂ ਵਿਚ ਹੀ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਘਟਨਾ ਨਾਲ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨੂੰ ਜ਼ਿਆਦਾ ਵਧਦਿਆਂ ਦੇਖ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਬੁਝਾਉਣ ਲਈ ਖੰਨਾ ਤੋਂ ਇਲਾਵਾ ਸਮਰਾਲਾ, ਮੰਡੀ ਗੋਬਿੰਦਗੜ੍ਹ, ਦੋਰਾਹਾ, ਅਮਲੋਹ ਤੋਂ ਫਾਇਰ ਬ੍ਰਿਗੇਡ ਦੀਆਂ ਕਰੀਬ 25 ਗੱਡੀਆਂ ਪੁੱਜੀਆਂ, ਜਿਨ੍ਹਾਂ ਨੇ ਬੜੀ ਮੁਸ਼ੱਕਤ ਨਾਲ ਤੜਕੇ ਕਰੀਬ 4 ਵਜੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਕੌਂਸਲਰ ਅਮਿਤ ਤਿਵਾੜੀ ਮੌਕੇ ’ਤੇ ਪੁੱਜੇ ਜੋ ਬਚਾਅ ਕਾਰਜ ਮੁਕੰਮਲ ਹੋਣ ਤੱਕ ਘਟਨਾ ਸਥਾਨ ’ਤੇ ਮੌਜੂਦ ਰਹੇ। ਉਕਤ ਦੁਕਾਨ ਮਾਲਕਾਂ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰ ਗਏ ਸਨ, ਉਨ੍ਹਾਂ ਦੀ ਅੱਗ ਲੱਗਣ ਸਬੰਧੀ ਆਲੇ ਦੁਆਲੇ ਦੇ ਲੋਕਾਂ ਤੋਂ ਪਤਾ ਲੱਗਿਆ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ 80 ਲੱਖ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ।