ਪੱਤਰ ਪ੍ਰੇਰਕ
ਮਾਛੀਵਾੜਾ, 12 ਮਾਰਚ
ਸਥਾਨਕ ਜੇਐੱਸ ਨਗਰ ਵਿਚ ਡੀਪੀਐੱਸ ਸਕੂਲ ਵੱਲੋਂ ਇੱਕ ਕੋਠੀ ਵਿੱਚ ਆਪਣੀ ਨਵੀਂ ਬ੍ਰਾਂਚ ਖੋਲ੍ਹੀ ਗਈ ਸੀ। ਇਸ ਵਿਚ ਬੱਚਿਆਂ ਦਾ ਦਾਖ਼ਲਾ ਚੱਲ ਰਿਹਾ ਸੀ ਪਰ ਪੜ੍ਹਾਈ ਦੇ ਉਦਘਾਟਨ ਤੋਂ ਪਹਿਲਾਂ ਹੀ ਚੋਰ ਇਸ ਸਕੂਲ ਵਿਚ ਚੋਰੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਕੂਲ ਅਧਿਆਪਕ ਕੋਠੀ ਨੂੰ ਜਿੰਦਰਾ ਲਗਾ ਕੇ ਗਏ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਅੰਦਰਲੇ ਦਰਵਾਜ਼ੇ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਸਾਮਾਨ ਖਿੱਲਰਿਆ ਹੋਇਆ ਸੀ। ਸਕੂਲ ਪ੍ਰਬੰਧਕ ਕਰਨਲ ਐੱਨਕੇ ਮੋਹਨ ਨੇ ਦੱਸਿਆ ਕਿ ਚੋਰ ਐੱਲਈਡੀ, 2 ਏਸੀਆਂ ’ਚੋਂ ਕੰਪ੍ਰੈਸਰ ਖੋਲ੍ਹ ਕੇ ਲੈ ਗਏ। ਚੋਰਾਂ ਨੇ ਬਾਥਰੂਮ ਵਿਚ ਲੱਗੀਆਂ ਟੂਟੀਆਂ ਵੀ ਖੋਲ੍ਹ ਲਈਆਂ। ਇਸ ਤੋਂ ਇਲਾਵਾ ਚੋਰਾਂ ਨੇ ਕੋਠੀ ਦੀਆਂ ਅਲਮਾਰੀਆਂ ਦੀ ਵੀ ਫਰੋਲਾ-ਫਰੋਲੀ ਕੀਤੀ। ਇਨ੍ਹਾਂ ਵਿੱਚ ਪਏ ਸਾਮਾਨ ਅਤੇ ਚੋਰੀ ਹੋਣ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪੁਲੀਸ ਵੱਲੋਂ ਡੀਪੀਐੱਸ ਸਕੂਲ ਦੇ ਪ੍ਰਬੰਧਕ ਐੱਨਕੇ ਮੋਹਨ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਇਮਾਰਤ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।