ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਰਵਾਸੀ ਮਜ਼ਦੂਰ ਭਾਈਚਾਰੇ ਦੇ ਪ੍ਰਧਾਨ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਪਰਵਾਸੀ ਮਜ਼ਦੂਰਾਂ, ਗਰੀਬਾਂ ਅਤੇ ਪੁਰਵਾਂਚਲੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਜ ਜਮਾਲਪੁਰ ਵਿੱਚ ਪਰਵਾਸੀ ਮਜ਼ਦੂਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕਰੋਨਾ ਦੀ ਗੰਭੀਰ ਬਿਮਾਰੀ ਨੇ ਜਿੱਥੇ ਸੂਬਾ ਸਰਕਾਰ ਦੇ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਦੇ ਪ੍ਰਬੰਧਾਂ ਦੀ ਘਾਟ ਕਾਰਨ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ ਉਥੇ ਹੀ ਸਰਕਾਰੀ ਸਖ਼ਤੀ ਕਾਰਨ ਸਰਕਾਰੀ ਵਿਭਾਗਾਂ ਵੱਲੋਂ ਇਸ ਬਿਮਾਰੀ ਦੀ ਆੜ ਵਿੱਚ ਕੀਤੀ ਜਾ ਰਹੀ ਧੱਕੇਸ਼ਾਹੀ ਵੀ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਹਰ ਪਾਸੇ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ ਪਰ ਸੁਣਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮਾਜ ਅਤੇ ਭਾਈਚਾਰੇ ਨਾਲ ਸਰਕਾਰੀ ਅਤੇ ਪ੍ਰਸਾਸ਼ਨਿਕ ਧੱਕਾ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਲੋਕਡਾਊਨ ਕਾਰਨ ਵਿਹਲੇ ਹੋਏ ਇਸ ਵਰਗ ਨੂੰ ਰਾਸ਼ਨ, ਬਿਜਲੀ ਦਾ ਬਿੱਲ, ਮਕਾਨ ਦਾ ਕਿਰਾਇਆ ਅਤੇ ਹੋਰ ਲੋੜੀਂਦੇ ਖਰਚੇ ਕਿ ਸਰਕਾਰ ਦੇਵੇ ਤੇ ਜੇਕਰ ਸਰਕਾਰ ਇਹ ਯਤਨ ਨਹੀਂ ਕਰ ਸਕਦੀ ਤਾਂ ਇਨ੍ਹਾਂ ’ਤੇ ਡਾਂਗਾਂ ਵਰ੍ਹਾਉਣ ਦਾ ਹੱਕ ਵੀ ਨਹੀਂ ਹੈ। ਰਾਜੇਸ਼ ਮਿਸ਼ਰਾ ਨੇ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਕਿਸੇ ਸਰਕਾਰੀ ਅਦਾਰੇ ਵੱਲੋਂ ਅਜਿਹੀ ਕੋਈ ਵੀ ਹਰਕਤ ਇਸ ਵਰਗ ਨਾਲ ਕੀਤੀ ਜਾਂਦੀ ਹੈ ਤਾਂ ਉਹ ਲਾਮਬੰਦ ਹੋ ਕੇ ਇਸ ਵਿਰੁੱਧ ਆਵਾਜ਼ ਚੁੱਕਣ।