ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 26 ਜੁਲਾਈ
ਪੰਜਾਬ ਸਰਕਾਰ ਦੀ ਹਠਧਰਮੀ ਵਿਰੁੱਧ ਸਰਕਾਰੀ ਹਸਪਤਾਲ ਸੁਧਾਰ ਦੇ ਡਾਕਟਰੀ ਅਮਲੇ ਵੱਲੋਂ ਅੱਜ ਚਾਰ-ਰੋਜ਼ਾ ਹੜਤਾਲ ਅਰੰਭ ਦਿੱਤੀ ਗਈ। ਡਾਕਟਰਾਂ ਦੀ ਜਥੇਬੰਦੀ ਵੱਲੋਂ ਦਿੱਤੇ ਸੱਦੇ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਪ੍ਰੀਤ ਸਿੰਘ ਸਮੇਤ ਸਾਰੇ ਮੈਡੀਕਲ ਅਫ਼ਸਰਾਂ ਨੇ ਹੜਤਾਲ ਵਿੱਚ ਹਿੱਸਾ ਲਿਆ ਅਤੇ ਬਾਹਰੀ ਮਰੀਜ਼ਾਂ ਦੇ ਸਾਰੇ ਵਿਭਾਗ ਮੁਕੰਮਲ ਠੱਪ ਕਰ ਦਿੱਤੇ। ਜਿਸ ਕਾਰਨ ਅੱਜ ਵੀ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਡਾਕਟਰਾਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਮਾਰੂ ਸਿਫ਼ਾਰਸ਼ਾਂ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਨਾਨ-ਪ੍ਰੈਕਟਿਸ ਭੱਤੇ ਨੂੰ ਮੁੱਢਲੀ ਤਨਖ਼ਾਹ ਦਾ ਹਿੱਸਾ ਮਨ ਕੇ ਤਨਖ਼ਾਹਾਂ ਬਣਾਈਆਂ ਜਾਣ ਅਤੇ ਰਿਪੋਰਟ ਵਿੱਚ ਹੋਰ ਤਰੁੱਟੀਆਂ ਨੂੰ ਵੀ ਜਲਦ ਦੂਰ ਕੀਤਾ ਜਾਵੇ। ਡਾਕਟਰਾਂ ਨੇ ਕਮਿਊਨਿਟੀ ਸਿਹਤ ਕੇਂਦਰ ਸੁਧਾਰ ਵਿੱਚ ਸਮਾਨੰਤਰ ਬਾਹਰੀ ਵਿਭਾਗ ਚਲਾਉਣ ਦਾ ਐਲਾਨ ਕੀਤਾ।
ਸਰਕਾਰ ਦੀ ਥਾਂ ’ਤੇ ਐਸੋਸੀਏਸ਼ਨ ਦੀ ਪਰਚੀ ’ਤੇ ਦੇਖੇ ਮਰੀਜ਼
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਛੇਵੇਂ ਪੇਅ ਕਮਿਸ਼ਨਰ ਦੇ ਖਿਲਾਫ਼ ਡਾਕਟਰਾਂ ਨੇ ਸੋਮਵਾਰ ਨੂੰ ਵੀ ਸਿਵਲ ਹਸਪਤਾਲ ਲੁਧਿਆਣਾ ’ਚ ਇੱਕ ਵਾਰ ਫਿਰ ਤਾਇਨਾਤ ਡਾਕਟਰਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ। ਵਿਰੋਧ ਦੇ ਤੌਰ ’ਤੇ ਡਾਕਟਰਾਂ ਨੇ ਸਰਕਾਰੀ ਪਰਚੀ ਦਾ ਵਿਰੋਧ ਕੀਤਾ, ਉਧਰ, ਮਰੀਜ਼ਾਂ ਨੂੰ ਦੇਣ ਵਾਲੀਆਂ ਦਵਾਈਆਂ ਲਿਖਣ ਲਈ ਐਸੋਸੀਏਸ਼ਨ ਦੀ ਪਰਚੀ ਦੀ ਵਰਤੋਂ ਕੀਤੀ ਗਈ। ਡਾਕਟਰਾਂ ਦੇ ਇਸ ਫੈਸਲੇ ਦੇ ਚੱਲਦੇ ਸਿਵਲ ਹਸਪਤਾਲ ’ਚ ਆਉਣ ਵਾਲੀ ਮਰੀਜ਼ਾਂ ਨੂੰ ਸਰਕਾਰੀ ਪਰਚੀ ਦੀ ਫੀਸ ਵੀ ਨਹੀਂ ਦੇਣੀ ਪਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਸਾਫ਼ ਕਹਿਣਾ ਹੈ ਕਿ ਜੇਕਰ 29 ਜੁਲਾਈ ਤੱਕ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹ 2 ਅਗਸਤ ਤੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਜਾਣਗੇ। ਆਖਰ ’ਚ ਪੰਜ ਅਗਸਤ ਨੂੰ ਡਾਇਰੈਕਟਰ ਸਿਹਤ ਵਿਭਾਗ ਦੇ ਦਫ਼ਤਰ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰੀ ਦੀ ਹੋਵੇਗੀ।