ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਮਾਰਚ
ਪੰਜਾਬ ਸਰਕਾਰ ਵੱਲੋਂ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਮਾਪਿਆਂ ਨੂੰ ਮਜਬੂਰ ਨਾ ਕਰਨ ਦੇ ਹੁਕਮਾਂ ਦੀਆਂ ਇੱਥੇ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਦੀ 24 ਘੰਟੇ ਦੇ ਅੰਦਰ ਹੀ ਅਣਦੇਖੀ ਹੁਣ ਸਰਕਾਰ ਤੇ ਸਿੱਖਿਆ ਵਿਭਾਗ ਲਈ ਵੱਡੀ ਚੁਣੌਤੀ ਹੋਵੇਗੀ। ਕਿਤਾਬਾਂ ਵੇਚਣ ਵਾਲਿਆਂ ਵੱਲੋਂ ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲਾਂ ਨੂੰ ਵੱਡੇ ਤੋਹਫੇ ਦੇਣਾ ਦਰਸਾਉਂਦੇ ਹਨ ਕਿ ਇਹ ਵੱਡੇ ਮੁਨਾਫ਼ੇ ਵਾਲਾ ਕਰੋੜਾਂ ਦਾ ਕਾਰੋਬਾਰ ਹੈ। ਬੀਤੇ ਕੱਲ੍ਹ ਹੀ ਪੰਜਾਬ ਸਰਕਾਰ ਨੇ ਮਾਪਿਆਂ ਨੂੰ ਰਾਹਤ ਦੇਣ ਲਈ ਇਸ ਸਬੰਧੀ ਵੱਡਾ ਕਦਮ ਚੁੱਕਿਆ ਪਰ ਉਸ ਤੋਂ ਅਗਲੇ ਦਿਨ ਹੀ ਇਹ ਵਰਤਾਰਾ ਨਿਰੰਤਰ ਜਾਰੀ ਰਿਹਾ। ਮਮਤਾ ਸ਼ਰਮਾ ਨਾਂ ਦੀ ਮਹਿਲਾ ਨੇ ਦੱਸਿਆ ਕਿ ਅੱਜ ਉਹ ਜਗਰਾਉਂ ਦੇ ਇਕ ਸਕੂਲ ’ਚ ਆਪਣੇ ਬੱਚਿਆਂ ਦਾ ਨਤੀਜਾ ਲੈਣ ਗਈ ਤਾਂ ਸਕੂਲ ਵਾਲਿਆਂ ਨੇ ਉਸ ਦੇ ਹੱਥ ਇਕ ਛਪਿਆ ਹੋਇਆ ਪਰਚਾ ਫੜਾ ਦਿੱਤਾ। ਇਹ ਪਰਚਾ ਮੀਡੀਆ ਨੂੰ ਦਿੰਦਿਆਂ ਉਸ ਨੇ ਦੱਸਿਆ ਕਿ ਇਸ ’ਤੇ ਕਿਵੇਂ ਬੇਖੌਫ ਹੋ ਕੇ ਸਕੂਲ ਨੇ ਆਪਣੇ ਨਾਂ ਦੇ ਨਾਲ ਇਕ ਬੁੱਕ ਸਟਾਲ ਦਾ ਨਾਂ, ਪਤਾ ਤੇ ਫੋਨ ਨੰਬਰ ਸ਼ਰ੍ਹੇਆਮ ਛਪਵਾਇਆ ਹੋਇਆ ਹੈ। ਮਹਿਲਾ ਨੇ ਕਿਹਾ ਕਿ ਇਹ ਪਰਚਾ ਦੇਖ ਕੇ ਕੋਈ ਕਹਿ ਵੀ ਨਹੀਂ ਸਕਦਾ ਕਿ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਹਦਾਇਤਾਂ ਤੇ ਨਿਯਮਾਂ ਦਾ ਕੋਈ ਡਰ ਹੈ।
ਇਸੇ ਤਰ੍ਹਾਂ ਕੁਝ ਹੋਰਨਾਂ ਮਾਪਿਆਂ ਨੇ ਜੀਟੀ ਰੋਡ ਸਥਿਤ ਇਕ ਹੋਰ ਸਕੂਲ ਬਾਰੇ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ ਪੁਰਾਣਾ ਪ੍ਰਕਾਸ਼ਕ ਕਈ ਦਿਨ ਤਾਂ ਸਕੂਲ ਦੇ ਆਸੇ-ਪਾਸੇ ਵੈਨ ਖੜ੍ਹੀ ਕਰ ਕੇ ਕਿਤਾਬਾਂ ਤੇ ਵਰਦੀਆਂ ਵੇਚਦਾ ਰਿਹਾ ਪਰ ਹੁਣ ਉਹ ਸਕੂਲ ਦੇ ਅੰਦਰ ਹੀ ਪਹੁੰਚ ਗਿਆ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਕਈ ਹੋਰਨਾਂ ਸਕੂਲਾਂ ਨੇ ਇਹ ‘ਧੰਦਾ’ ਜਾਰੀ ਰੱਖਣ ਲਈ ਢੰਗ-ਤਰੀਕੇ ਬਦਲੇ ਹਨ। ਕਈ ਸਕੂਲ ਲੁਕਵੇਂ ਤਰੀਕੇ ਨਾਲ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਤੇ ਵਰਦੀਆਂ ਲੈਣ ਲਈ ਮਾਪਿਆਂ ਨੂੰ ਕਹਿ ਰਹੇ ਹਨ। ਕਈ ਸਕੂਲਾਂ ਵੱਲੋਂ ਲਾਈਆਂ ਕਿਤਾਬਾਂ ਸਿਰਫ ਇੱਕੋ ਦੁਕਾਨ ’ਤੇ ਉਪਲਬਧ ਹਨ ਜਦਕਿ ਸਰਕਾਰ ਨੇ ਇਹ ਸਾਰੀਆਂ ਦੁਕਾਨਾਂ ’ਤੇ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਕ ਵਿਅਕਤੀ ਸਤੀਸ਼ ਗਰਗ ਦਾ ਕਹਿਣਾ ਸੀ ਕਿ ਪਹਿਲੀ ਗੱਲ ਤਾਂ ਸਰਕਾਰ ਦੇ ਹੁਕਮ ਦੇਰੀ ਨਾਲ ਆਏ ਹਨ ਕਿਉਂਕਿ ਜ਼ਿਆਦਾਤਰ ਮਾਪੇ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਜਿਹੜੇ ਬਚੇ ਹਨ ਉਨ੍ਹਾਂ ਦੀ ਲੁੱਟ ਵੀ ਰੁਕੀ ਨਹੀਂ ਹੈ।
ਕੀ ਕਹਿੰਦੇ ਨੇ ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਪੰਦਰਾਂ ਦਿਨ ਪਹਿਲਾਂ ਹੀ ਪ੍ਰਾਈਵੇਟ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਚੁੱਕੇ ਹਨ। ਜੇਕਰ ਕੋਈ ਸਰਕਾਰੀ ਹੁਕਮਾਂ ਦੀ ਉਲੰਘਣਾ ਕਰੇਗਾ ਤੇ ਜੇਕਰ ਉਸ ਸਕੂਲ ਖ਼ਿਲਾਫ਼ ਸ਼ਿਕਾਇਤ ਮਿਲੇਗੀ ਉਸ ਵਿਰੁੱਧ ਲਾਜ਼ਮੀ ਕਾਰਵਾਈ ਹੋਵੇਗੀ।