ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਅਪਰੈਲ
ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਮਹਿੰਗੀ ਬਿਜਲੀ ਖ਼ਿਲਾਫ਼ ਲਾਮਬੰਦੀ ਲਈ ਲਗਾਤਾਰ ਮੁਹਿੰਮ ਚਲਾ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਪਿੰਡ ਲੀਲ੍ਹ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਮੌਕੇ ਬਿਜਲੀ ਦੇ ਬਿੱਲ ਸਾੜ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਚੋਣਾਂ ਮੌਕੇ ਲੋਕਾਂ ਨਾਲ ਹੋਰ ਝੂਠੇ ਵਾਅਦੇ ਕਰਨ ਸਮੇਤ ਸਸਤੀ ਜਾਂ ਮੁਫ਼ਤ ਬਿਜਲੀ ਦੇਣ ਦਾ ਲਾਰਾ ਲਗਾ ਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ।
ਉਨ੍ਹਾਂ ਪਿੰਡ ਲੀਲ੍ਹਾਂ ਦੀ ਸੱਥ ਵਿਚ ਲੋਕਾਂ ਨਾਲ ਬਿਜਲੀ ਬਿੱਲ ਸਾੜਦਿਆਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿਚ ਘਰੇਲੂ ਤੇ ਸਨਅਤੀ ਇਕਾਈਆਂ ਲਈ ਸਸਤੀ ਬਿਜਲੀ ਦੇਣ ਦੇ ਕੰਮ ਨੂੰ ਫ਼ੌਰੀ ਲਾਗੂ ਕਰੇਗੀ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਵਾਧੂ ਬਿੱਲ ਭੇਜ ਕੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਬਿਜਲੀ ਮੁਆਫ਼ ਕੀਤੀ ਜਾਵੇਗੀ। ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਆਪਣੇ ਸਿਆਸੀ ਹਿਤਾਂ ਖ਼ਾਤਰ ਇਨ੍ਹਾਂ ਨੇ ਪ੍ਰਾਈਵੇਟ ਥਰਮਲਾਂ ਨਾਲ ਮਹਿੰਗੀ ਬਿਜਲੀ ਦੇ ਕੀਤੇ ਸਮਝੌਤਿਆਂ ਨੂੰ ਰੱਦ ਨਹੀਂ ਕੀਤਾ। ਸਗੋਂ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਕੇ ਬਿਜਲੀ ਕੰਪਨੀਆਂ ਸਮੇਤ ਆਪਣੇ ਪਰਿਵਾਰਾਂ ਦਾ ਢਿੱਡ ਹੀ ਭਰਿਆ ਹੈ। ਇਸ ਮੌਕੇ ਡਾਕਟਰ ਤੇਜਪਾਲ ਸਿੰਘ ਗਿੱਲ, ਕੁਲਵੰਤ ਸਿੰਘ ਲੀਲ੍ਹ, ਸੁਖਵਿੰਦਰ ਸਿੰਘ ਸੁੱਖਾ ਗਰੇਵਾਲ, ਅਵਤਾਰ ਸਿੰਘ, ਹਰਨੇਕ ਸਿੰਘ, ਸਾਬਕਾ ਸਰਪੰਚ ਕਿਰਪਾਲ ਸਿੰਘ, ਸਰਵਨ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਕੇਵਲ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।