ਸਤਵਿੰਦਰ ਬਸਰਾ
ਲੁਧਿਆਣਾ, 12 ਜੂਨ
ਪਾਵਰਕੌਮ ਵੱਲੋਂ ਖ਼ਪਤਕਾਰਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਮਕਸਦ ਨਾਲ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਪਹਿਲੇ ਪੜਾਅ ’ਚ ਅਮਲਤਾਸ ਤੋਂ ਜੀਟੀ ਰੋਡ ਗਰਿੱਡ ਤੱਕ ਲਾਏ ਗਏ ਮੋਨੋਪੋਲ ਨਾਲ ਸਿਟੀ ਸੈਂਟਰ ਨਾਲ ਜੁੜੇ ਕਰੀਬ 2.50 ਲੱਖ ਖ਼ਪਤਕਾਰਾਂ ਨੂੰ ਲਾਭ ਮਿਲੇਗਾ। ਇਸ ਵਿੱਚ ਸਿਟੀ ਸੈਂਟਰ ਨਾਲ ਲੱਗਦੇ ਸੁੰਦਰ ਨਗਰ, ਰਾਹੋਂ ਰੋਡ, ਚੌੜਾ ਬਾਜ਼ਾਰ, ਕਿਚਲੂ ਨਗਰ, ਹੈਬੋਵਾਲ, ਮਾਡਲ ਟਾਊਨ ਆਦਿ ਇਲਾਕੇ ਸ਼ਾਮਲ ਹਨ।
ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਉਦਯੋਗਿਕ ਖੇਤਰਾਂ ਵਿਚ ਨਿਰੰਤਰ ਸਪਲਾਈ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਤਹਿਤ ਸੰਘਣੇ ਇਲਾਕਿਆਂ ਵਿੱਚ ਮੋਨੋਪੋਲ ਲਾਈਨਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂ ਇਸ ਦੀ ਲਾਗਤ ਜ਼ਿਆਦਾ ਹੈ, ਪਰ ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਵਾਸਤੇ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਖ਼ਾਸ ਤੌਰ ’ਤੇ ਸ਼ਹਿਰ ਦੀ ਸੰਘਣੀ ਆਬਾਦੀ ਵਿਚ ਬਿਜਲੀ ਦੀ ਸਪਲਾਈ ਦੇਣ ਲਈ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਝੋਨੇ ਦੇ ਸੀਜ਼ਨ ਕਾਰਨ ਖੇਤੀਬਾੜੀ ਟਿਊਬਵੈੱਲ ਮੋਟਰਾਂ ਦੀ ਉੱਚ ਸਮਰੱਥਾ ਦੀ ਲੋੜ ਨੂੰ ਪੂਰਾ ਕਰਨ ਲਈ ਖੇਤੀਬਾੜੀ ਟਿਊਬਵੈੱਲ (ਏ.ਪੀ) ਕੁਨੈਕਸ਼ਨਾਂ ਦੇ ਲੋਡ ਵਿੱਚ ਵਾਧੇ ਨੂੰ ਨਿਯਮਤ ਕਰਨ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀਡੀਐਸ) ਲਾਗੂ ਕੀਤੀ ਜਾ ਰਹੀ ਹੈ। ਇਸ ਲਈ ਬਕਾਇਦਾ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਜਗ੍ਹਾ ਘੱਟ ਹੋਣ ਕਾਰਨ ਪੀਐੱਸਪੀਸੀਐੱਲ ਲਈ ਸਬ-ਸਟੇਸ਼ਨ ਤੋਂ 66 ਕੇਵੀ ਟਰਾਂਸਮਿਸ਼ਨ ਲਾਈਨ ਨੂੰ ਲਿਆਉਣਾ ਮੁਸ਼ਕਿਲ ਸੀ, ਜਿਸ ਕਾਰਨ ਮੋਨੋਪੋਲਜ ਰਾਹੀਂ ਲਾਈਨ ਵਿਛਾਉਣ ਦੀ ਯੋਜਨਾ ਬਣੀ। ਇਸ 12 ਕਿਲੋਮੀਟਰ ਡਬਲ ਸਰਕਟ ਲਾਈਨ ਨੂੰ ਪੀਐਸਪੀਸੀਐੱਲ ਵੱਲੋਂ 16.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਇਸ ਵਿੱਚੋਂ 6 ਕਿਲੋਮੀਟਰ ਲਾਈਨ ਮੋਨੋਪੋਲਜ਼ ’ਤੇ ਹੈ।
ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਨੇ ਦੱਸਿਆ ਕਿ ਇਹ ਸਪਲਾਈ 440 ਕੇਵੀ ਨਕੋਦਰ ਗਰਿੱਡ ਤੋਂ 220 ਕੇਵੀ ਲਾਡੋਵਾਲ ਸਬ-ਸਟੇਸ਼ਨ ਨੂੰ ਆਵੇਗੀ ਤੇ ਉਥੋਂ 66 ਕੇਵੀ ਲਾਈਨ ਮੋਨੋਪੋਲਜ਼ ਰਾਹੀਂ ਅਮਲਤਾਸ ਗਰਿੱਡ ਨੂੰ ਜਾਵੇਗੀ। ਇਸ ਤੋਂ ਪਹਿਲਾਂ ਲਲਤੋਂ ਕਲਾਂ ਗਰਿੱਡ ਤੋਂ 66 ਕੇਵੀ ਅਮਲਤਾਸ, 66 ਕੇਵੀ ਸੁੰਦਰ ਨਗਰ ਅਤੇ 66 ਕੇਵੀ ਜੀਟੀ ਰੋਡ ਤੇ 66 ਕੇਵੀ ਚੌੜਾ ਬਾਜ਼ਾਰ ਨੂੰ ਬਿਜਲੀ ਦੀ ਸਪਲਾਈ ਜਾਂਦੀ ਸੀ ਅਤੇ ਓਵਰਲੋਡ ਹੋਣ ਕਾਰਨ ਕੱਟ ਲੱਗਦੇ ਸਨ। ਇਸ ਨਵੇਂ ਵਿਕਲਪ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋਵੇਗਾ।