ਪੱਤਰ ਪ੍ਰੇਰਕ
ਸਮਰਾਲਾ, 28 ਅਕਤੂਬਰ
ਪੰਜਾਬ ਸਰਕਾਰ ਵੱਲੋਂ ਦੋ ਕਿੱਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਸਮੇਤ ਕਰੀਬ 15 ਹੋਰ ਸਰਕਾਰੀ ਯੋਜਨਾਵਾਂ ਦਾ ਫਾਇਦਾ ਲਾਭਪਾਤਰੀਆਂ ਨੂੰ ਦੇਣ ਲਈ ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਮੈਗਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਖਿਆ ਕਿ ਸੂਬੇ ਦੀ ਸਰਕਾਰ ਲੋਕਾਂ ਨੂੰ ਘਰ-ਘਰ ਜਾ ਕੇ ਬਿਜਲੀ ਮੁਆਫ਼ੀ ਤੋਂ ਇਲਾਵਾ 5-5 ਮਰਲੇ ਦੇ ਮੁਫ਼ਤ ਪਲਾਟ, ਕੱਚੇ ਮਕਾਨਾਂ ਨੂੰ ਪੱਕੇ ਕਰਨ ਦੀ ਯੋਜਨਾ ਸਮੇਤ ਹੋਰ ਕਈ ਸਹੂਲਤਾਂ ਦਾ ਲਾਭ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ 80 ਫ਼ੀਸਦੀ ਵਾਅਦੇ ਪਹਿਲਾਂ ਹੀ ਪੂਰੇ ਕਰ ਦਿੱਤੇ ਹਨ ਜਦਕਿ ਬਾਕੀ ਰਹਿੰਦੇ ਵਾਅਦੇ ਅਤੇ ਲੋਕ ਭਲਾਈ ਸਕੀਮਾਂ ਦਾ ਫਾਇਦਾ ਹਰ ਇੱਕ ਘਰ ਤੱਕ ਪਹੁੰਚਾਉਣ ਲਈ ਸਰਕਾਰ ਜੰਗੀ ਪੱਧਰ ’ਤੇ ਜੁਟੀ ਹੋਈ ਹੈ।
ਕੈਂਪ ਵਿੱਚ ਪਹੁੰਚੇ ਕਰੀਬ 258 ਲਾਭਪਾਤਰੀਆਂ ਨੂੰ ਸਰਕਾਰ ਦੀ ਬਿਜਲੀ ਮੁਆਫ਼ੀ ਯੋਜਨਾ ਦਾ ਲਾਭ ਦਿੰਦੇ ਹੋਏ ਉਨ੍ਹਾਂ ਦੇ ਬਕਾਇਆ ਰਹਿੰਦੇ 25.45 ਲੱਖ ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ। ਇਸ ਤੋਂ ਇਲਾਵਾ 403 ਲਾਭਪਾਤਰੀਆਂ ਨੂੰ ਕੱਚੇ ਮਕਾਨ ਪੱਕੇ ਕਰਨ ਦੀ ਸਰਕਾਰੀ ਯੋਜਨਾ ਵਿੱਚ ਸ਼ਾਮਲ ਕਰਨ ਸਮੇਤ 452 ਲਾਭਪਾਤਰੀਆਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦੇਣ ਲਈ ਉਨ੍ਹਾਂ ਦੇ ਫਾਰਮ ਭਰੇ ਗਏ। ਕੈਂਪ ਵਿੱਚ 25 ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਅਤੇ 65 ਦੇ ਕਰੀਬ ਪਰਿਵਾਰਾਂ ਲਈ ਉਨ੍ਹਾਂ ਦੇ ਘਰਾਂ ਵਿੱਚ ਪਖਾਨੇ ਬਣਾਉਣ ਦੀ ਯੋਜਨਾ ਦਾ ਲਾਭ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗਿਆ। ਇਸ ਮੌਕੇ ਹਾਜ਼ਰ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਸਨੀ ਦੂਆ ਨੇ ਕਿਹਾ ਕਿ ਜਿਹੜੇ ਵਿਅਕਤੀ ਅੱਜ ਦੇ ਇਸ ਕੈਂਪ ਵਿੱਚ ਲਾਭ ਲੈਣ ਤੋਂ ਰਹਿ ਗਏ ਹਨ, ਉਹ ਉਨ੍ਹਾਂ ਦੇ ਦਫ਼ਤਰ ਵਿੱਚ ਆ ਕੇ ਸੰਪਰਕ ਕਰਨ, ਤਾਂ ਜੋ ਉਨ੍ਹਾਂ ਨੂੰ ਵੀ ਇਨ੍ਹਾਂ ਯੋਜਨਾਵਾਂ ਦਾ ਲਾਭ ਦਿੱਤਾ ਜਾ ਸਕੇ। ਅੱਜ ਦੇ ਇਸ ਕੈਂਪ ਵਿੱਚ ਐੱਸਡੀਐੱਮ ਸਮਰਾਲਾ ਵਿਕਰਮਜੀਤ ਸਿੰਘ ਪਾਂਥੇ, ਕੌਂਸਲ ਦੇ ਕਾਰਜਸਾਧਕ ਅਫ਼ਸਰ ਜਸਵੀਰ ਸਿੰਘ ਸੰਧਰ, ਨਗਰ ਕੌਂਸਲ ਦੀ ਮੀਤ ਪ੍ਰਧਾਨ ਸੁਰਿੰਦਰ ਕੌਰ ਕੌਫ਼ੀ, ਪੀ.ਏ. ਲਬੀ ਢਿੱਲੋਂ, ਕੌਂਸਲਰ ਰਿੰਕੂ ਧਾਲੀਵਾਲ, ਸੁਖਸਿਮਰਨ ਸਿੰਘ ਢਿੱਲੋਂ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।